ISIS ''ਚ ਸ਼ਾਮਲ ਹੋਣ ਜਾਣ ਵਾਲਾ ਸੀ ਇਰਾਕ, ਅੱਜ ਚਲਾਉਂਦੈ ਮੋਬਾਈਲ ਦੀ ਦੁਕਾਨ
Sunday, Feb 10, 2019 - 02:26 PM (IST)

ਮੁੰਬਈ (ਭਾਸ਼ਾ)— ਜਮੀਲ ਅੰਸਾਰੀ (ਬਦਲਿਆ ਹੋਇਆ ਨਾਂ) ਮਹਾਰਾਸ਼ਟਰ ਦੇ ਬੀੜ ਜ਼ਿਲੇ ਵਿਚ ਮੋਬਾਈਲ ਫੋਨ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ। ਕੋਈ ਵੀ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਮਹਿਜ ਦੋ ਸਾਲ ਪਹਿਲਾਂ ਉਹ ਹਜ਼ਾਰਾਂ ਕਿਲੋਮੀਟਰ ਦੂਰ ਇਰਾਕ ਜਾ ਕੇ ਖੂੰਖਾਰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. 'ਚ ਸ਼ਾਮਲ ਹੋਣ ਵਾਲਾ ਸੀ। ਓਹ ਤਾਂ ਭਲਾ ਹੋਵੇ ਮਹਾਰਾਸ਼ਟਰ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਦਾ ਜਿਸ ਨੇ ਅੰਸਾਰੀ ਦਾ ਮਨ ਬਦਲਿਆ ਅਤੇ ਉਸ ਨੂੰ ਰੋਜ਼ਗਾਰ ਸਿਖਲਾਈ ਪ੍ਰੋਗਰਾਮ ਵਿਚ ਸ਼ਾਮਲ ਕੀਤਾ। ਉਹ ਇਰਾਕ ਅਤੇ ਸੀਰੀਆ ਦੇ ਆਈ. ਐੱਸ. ਆਈ. ਐੱਸ. ਦੀ ਆਨਲਾਈਨ ਭਰਤੀ ਦੇ ਚੰਗੁਲ ਵਿਚ ਫਸ ਗਿਆ ਸੀ, ਜਿਨ੍ਹਾਂ ਨੇ ਉਸ ਨੂੰ ਲੱਗਭਗ ਇਕ ਕਟੜਪੰਥੀ ਬਣਾ ਦਿੱਤਾ ਸੀ।
ਏ. ਟੀ. ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਇਕੱਲਾ ਅਜਿਹਾ ਵਿਅਕਤੀ ਨਹੀਂ ਹੈ। ਮਹਾਰਾਸ਼ਟਰ ਵਿਚ ਕਈ ਨੌਜਵਾਨ ਖਾਸ ਤੌਰ 'ਤੇ ਪਿਛੜੇ ਖੇਤਰ ਦੇ ਨੌਜਵਾਨ ਆਈ. ਐੱਸ. ਆਈ. ਐੱਸ. ਦੇ ਜਾਲ ਵਿਚ ਫਸ ਚੁੱਕੇ ਸਨ ਪਰ ਉਹ ਰੋਜ਼ਗਾਰ ਸਿਖਲਾਈ ਪ੍ਰੋਗਰਾਮ ਦੀ ਮਦਦ ਨਾਲ ਆਮ ਜ਼ਿੰਦਗੀ ਜੀਅ ਰਹੇ ਹਨ। 35 ਸਾਲ ਦੇ ਗਰੈਜੂਏਟ ਅੰਸਾਰੀ ਦੀ 2016 ਵਿਚ ਸੇਲਸਮੈਨ ਦੀ ਨੌਕਰੀ ਚੱਲੀ ਗਈ ਸੀ ਅਤੇ ਉਹ ਕਾਫੀ ਸਮਾਂ ਆਨਲਾਈਨ ਬਿਤਾਉਣ ਲੱਗ ਗਿਆ ਸੀ, ਜਿਸ ਕਾਰਨ ਉਹ ਆਈ. ਐੱਸ. ਆਈ. ਐੱਸ. ਦੇ ਕੁਝ ਲੋਕਾਂ ਦੇ ਸੰਪਰਕ ਵਿਚ ਆਇਆ ਅਤੇ ਛੇਤੀ ਹੀ ਕਟੜਪੰਥੀ ਬਣ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਦੀਆਂ ਆਨਲਾਈਨ ਗਤੀਵਿਧੀਆਂ ਉਸ ਨੂੰ ਜਾਂਚ ਦੇ ਦਾਇਰੇ ਵਿਚ ਲੈ ਕੇ ਆਈ।
ਏ. ਟੀ. ਐੱਸ. ਦੇ ਅਧਿਕਾਰੀਆਂ ਨੇ ਦੇਖਿਆ ਕਿ ਅੰਸਾਰੀ ਆਈ. ਐੱਸ. ਆਈ. ਐੱਸ. ਦੇ ਪ੍ਰਚਾਰ-ਪ੍ਰਸਾਰ ਵਿਚ ਫਸ ਗਿਆ, ਜਿਸ ਤੋਂ ਬਾਅਦ ਉਸ ਦੀ ਕੌਂਸਲਿੰਗ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਏ. ਟੀ. ਐੱਸ. ਧਾਰਮਿਕ ਨੇਤਾਵਾਂ ਅਤੇ ਮੌਲਵੀਆਂ ਦੀ ਮਦਦ ਨਾਲ ਅਜਿਹੇ ਲੋਕਾਂ ਨੂੰ ਮੁੜ ਤੋਂ ਮੁੱਖ ਧਾਰਾ ਵਿਚ ਲਿਆਉਣ ਲਈ ਇਕ ਪ੍ਰੋਗਰਾਮ ਚਲਾਉਂਦੀ ਹੈ, ਜਿਸ ਵਿਚ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਕਟੜਪੰਥੀ ਬਣਾ ਦਿੱਤਾ ਜਾਂਦਾ ਹੈ ਤਾਂ ਫਿਰ ਉਸ ਨੂੰ ਆਈ. ਈ. ਡੀ. ਜਾਂ ਹੋਰ ਹਥਿਆਰ ਬਣਾਉਣੇ ਸਿਖਾਏ ਜਾਂਦੇ ਹਨ। ਵੱਡੀ ਚੁਣੌਤੀ ਅਜਿਹੇ ਲੋਕਾਂ ਦੀ ਜ਼ਿੰਦਗੀ ਫਿਰ ਤੋਂ ਪਟੜੀ 'ਤੇ ਲਿਆਉਣੀ ਹੁੰਦੀ ਹੈ ਅਤੇ ਅਸੀਂ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵਲੋਂ ਚਲਾਏ ਜਾ ਰਹੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਵਾਂ ਵਿਚ ਇਸ ਦਾ ਹੱਲ ਲੱਭਿਆ।
ਜ਼ਿਕਰਯੋਗ ਹੈ ਕਿ ਏ. ਟੀ. ਐੱਸ. ਨੇ ਪਿਛਲੇ ਮਹੀਨੇ ਔਰੰਗਾਬਾਦ ਅਤੇ ਠਾਣੇ ਜ਼ਿਲਿਆਂ ਤੋਂ ਰਸਾਇਣਕ ਹਮਲੇ ਕਰਨ ਦੇ ਦੋਸ਼ ਵਿਚ 9 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਸੀ। ਏ. ਟੀ. ਐੱਸ. ਮੁਖੀ ਅਤੁਲਚੰਦਰਾ ਕੁਲਕਰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਮੁਸਲਿਮ ਭਾਈਚਾਰੇ ਦੇ ਅਜਿਹੇ ਲੋਕਾਂ ਲਈ ਮੁੱਖ ਸਮੱਸਿਆ ਬੇਰੋਜ਼ਗਾਰੀ ਹੈ, ਜਿਸ ਨਾਲ ਉਹ ਆਨਲਾਈਨ ਕਟੜਪੰਥੀ ਬਣ ਰਹੇ ਹਨ ਅਤੇ ਆਈ. ਐੱਸ. ਆਈ. ਐੱਸ. ਦੇ ਚੰਗੁਲ ਵਿਚ ਫਸ ਰਹੇ ਹਨ।