ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਭੇਜੀ ਰਿਪੋਰਟ, ਪ੍ਰੋ-ਲੈਫਟ ਵਿੰਗ ਨੇ ਕਿਸਾਨ ਅੰਦੋਲਨ ਕੀਤਾ ਹਾਈਜੈਕ
Friday, Dec 11, 2020 - 07:30 PM (IST)
ਨਵੀਂ ਦਿੱਲੀ - ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ 16ਵੇਂ ਦਿਨ ਵੀ ਜਾਰੀ ਹੈ। ਇਸ ਵਿੱਚ ਟਿਕਰੀ ਬਾਰਡਰ 'ਤੇ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਸ਼ਰਜੀਲ ਇਮਾਮ, ਉਮਰ ਖਾਲਿਦ ਸਮੇਤ ਕਈ ਦੋਸ਼ੀਆਂ ਦੇ ਪੋਸਟਰ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਕੇਂਦਰ ਸਰਕਾਰ ਨੇ ਇੱਕ ਪਾਸੇ ਜਿੱਥੇ ਇਸ ਦੀ ਖੁੱਲ੍ਹੇ ਤੌਰ 'ਤੇ ਵਿਰੋਧ ਕੀਤਾ ਹੈ ਉਥੇ ਹੀ ਦੂਜੇ ਪਾਸੇ ਇਸ ਨੂੰ ਲੈ ਕੇ ਖੁਫੀਆ ਏਜੰਸੀਆਂ ਵੀ ਪ੍ਰੇਸ਼ਾਨ ਹੋ ਗਈਆਂ ਹਨ।
ਖੁਫੀਆ ਸੂਤਰਾਂ ਦੇ ਅਨੁਸਾਰ ਕਿਸਾਨ ਅੰਦੋਲਨ ਨਾਲ ਜੁੜੀ ਇੱਕ ਰਿਪੋਰਟ ਸਰਕਾਰ ਨੂੰ ਭੇਜੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਲਟਰਾ-ਲੈਫਟ ਨੇਤਾਵਾਂ ਅਤੇ ਪ੍ਰੋ-ਲੈਫਟ ਵਿੰਗ ਦੇ ਚਰਮਪੰਥੀ ਤੱਤਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਗੱਲ ਦੇ ਭਰੋਸੇਯੋਗ ਖੁਫੀਆ ਇਨਪੁਟ ਹਨ ਕਿ ਇਹ ਤੱਤ ਕਿਸਾਨਾਂ ਨੂੰ ਹਿੰਸਾ, ਸਾੜਫੂਕ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਉਨ ਦੀ ਯੋਜਨਾ ਬਣਾ ਰਹੇ ਹਨ।
ਇਸ ਵਜ੍ਹਾ ਨਾਲ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਗੱਲ ਦੇ ਪ੍ਰਮਾਣ ਹਨ ਕਿ ਟੁਕੜੇ-ਟੁਕੜੇ ਗੈਂਗ ਕਿਸਾਨ ਅੰਦੋਲਨ ਨੂੰ ਓਵਰਟੇਕ ਕਰਨ ਵਿੱਚ ਲੱਗਾ ਹੈ। ਇਹ ਇੱਕ ਭਿਆਨਕ ਤਰੀਕਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਸ਼ਾਇਦ ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਗੱਲਬਾਤ ਫੇਲ ਹੋ ਰਹੀ ਹੈ। ਇਹ ਲੋਕ ਰਾਸ਼ਟਰ ਦੀ ਪ੍ਰਭੂਸੱਤਾ ਲਈ ਨੁਕਸਾਨਦਾਇਕ ਹਨ।
ਟਿਕਰੀ ਬਾਰਡਰ 'ਤੇ ਵੀਰਵਾਰ ਨੂੰ ਸ਼ਾਰਜੀਲ ਇਮਾਮ, ਗੌਤਮ ਨਵਲਖਾ ਅਤੇ ਉਮਰ ਖਾਲਿਦ ਦੇ ਪੋਸਟਰ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਵੀ ਕਿਹਾ ਕਿ ਐੱਮ.ਐੱਸ.ਪੀ., ਏ.ਐੱਮ.ਪੀ.ਸੀ. ਕਿਸਾਨਾਂ ਦਾ ਮੁੱਦਾ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੇ ਪੋਸਟਰ ਅਤੇ ਇਸ ਤਰ੍ਹਾਂ ਦੇ ਮੁੱਦੇ ਨੂੰ ਚੁੱਕਣ ਦਾ ਕੀ ਮਤਲੱਬ ਹੈ। ਉਨ੍ਹਾਂ ਨੇ ਕਿਹਾ ਕਿ ਮੁੱਦੇ ਤੋਂ ਭਟਕਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।