ਇੰਦਰਾ ਗਾਂਧੀ ''ਤੇ ਬਿਆਨ ਨੂੰ ਲੈ ਕੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਦਿੱਤੀ ਸਫਾਈ

01/16/2020 6:22:42 PM

ਮੁੰਬਈ— ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਸਰ ਡੌਨ ਕਰੀਮ ਲਾਲਾ ਨੂੰ ਮਿਲਣ ਲਈ ਆਇਆ ਕਰਦੇ ਸਨ। ਸੰਜੇ ਦੇ ਇਸ ਬਿਆਨ ਉੱਤੇ ਵਿਵਾਦ ਖੜ੍ਹਾ ਹੋ ਗਿਆ ਸੀ। ਦੇਸ਼ ਦੀ ਸਿਆਸਤ 'ਚ ਮਚੇ ਘਮਸਾਨ ਨੂੰ ਕੁਝ ਸ਼ਾਂਤ ਕਰਨ ਲਈ ਸੰਜੇ ਰਾਊਤ ਨੇ ਆਪਣੀ ਸਫ਼ਾਈ ਪੇਸ਼ ਕੀਤੀ।ਰਾਊਤ ਨੇ ਕਿਹਾ ਕਿ ਬਹੁਤ ਸਾਰੇ ਸਿਆਸੀ ਆਗੂ ਅਕਸਰ ਮੁੰਬਈ ਦੇ ਉਦੋਂ ਦੇ ਡੌਨ ਕਰੀਮ ਲਾਲਾ ਨੂੰ ਮਿਲਣ ਲਈ ਆਉਂਦੇ ਰਹਿੰਦੇ ਸਨ। ਸੰਜੇ ਰਾਊਤ ਨੇ ਅੱਜ ਉਸ ਵਿਵਾਦ ਨੂੰ ਖ਼ਤਮ ਕਰਨ ਲਈ ਸਪੱਸ਼ਟ ਕੀਤਾ ਕਿ ਕਰੀਮ ਲਾਲਾ ਅਫ਼ਗ਼ਾਨਿਸਤਾਨ ਤੋਂ ਆਇਆ ਸੀ ਅਤੇ ਉਹ ਭਾਰਤ ਵਿਚ ਪਠਾਨ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਸੀ, ਇਸੇ ਲਈ ਲੀਡਰ ਅਕਸਰ ਉਸ ਨੂੰ ਮਿਲਣ ਲਈ ਆਉਂਦੇ ਹੀ ਰਹਿੰਦੇ ਸਨ। ਰਾਊਤ ਨੇ ਕੁਝ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਮ ਲਾਲਾ ਨੇ ਆਪਣੀ ਜਥੇਬੰਦੀ 'ਪਖ਼ਤੂਨ–ਏ–ਹਿੰਦ' ਵੀ ਬਣਾਈ ਹੋਈ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਮੁੰਬਈ ਦਾ ਇਤਿਹਾਸ ਪਤਾ ਨਹੀਂ ਹੈ, ਉਹੀ ਲੋਕ ਉਨ੍ਹਾਂ ਦੇ ਬਿਆਨ ਨੂੰ ਤਰੋੜ–ਮਰੋੜ ਕੇ ਪੇਸ਼ ਕਰ ਰਹੇ ਹਨ।

ਰਾਊਤ ਨੇ ਅੱਗੇ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਸ਼ਲਾਘਾ ਕਰਨ ਤੋਂ ਕਦੇ ਝਿਜਕੇ ਨਹੀਂ। ਉਹ ਇਕ ਲੌਹ–ਇਸਤਰੀ (ਆਇਰਨ–ਲੇਡੀ) ਸਨ, ਜਿਨ੍ਹਾਂ ਨੇ ਬਹੁਤ ਸਾਰੇ ਸਖ਼ਤ ਫ਼ੈਸਲੇ ਲਏ ਸਨ। ਉਨ੍ਹਾਂ ਕਿਹਾ ਕਿ ਉਹ ਭਾਵੇਂ ਵਿਰੋਧੀ ਧਿਰ 'ਚ ਰਹੇ ਹਨ ਪਰ ਉਨ੍ਹਾਂ ਨੇ ਇੰਦਰਾ ਗਾਂਧੀ, ਪੰਡਿਤ ਨਹਿਰੂ, ਰਾਜੀਵ ਗਾਂਧੀ ਤੇ ਗਾਂਧੀ ਪਰਿਵਾਰ ਪ੍ਰਤੀ ਸਦਾ ਆਦਰ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਖੜ੍ਹੇ ਸਨ। ਰਾਊਤ ਨੇ ਕਿਹਾ ਕਿ ਕੋਈ ਸਮਾਂ ਹੁੰਦਾ ਸੀ, ਜਦੋਂ ਦਾਊਦ ਇਬਰਾਹਿਮ, ਛੋਟਾ ਸ਼ਕੀਲ ਤੇ ਸ਼ਰਦ ਸ਼ੈੱਟੀ ਜਿਹੇ ਗੈਂਗਸਟਰ ਹੀ ਇਹ ਫ਼ੈਸਲਾ ਕਰਦੇ ਹੁੰਦੇ ਸਨ ਕਿ ਮੁੰਬਈ ਦਾ ਅਗਲਾ ਪੁਲਸ ਕਮਿਸ਼ਨਰ ਕੌਣ ਹੋਵੇਗਾ ਅਤੇ ਮਹਾਰਾਸ਼ਟਰ ਦਾ ਮੰਤਰੀ ਕੌਣ ਬਣੇਗਾ। ਅਜਿਹੇ ਸਮੇਂ ਇੰਦਰਾ ਗਾਂਧੀ ਅਕਸਰ ਕਰੀਮ ਲਾਲਾ ਨੂੰ ਮਿਲਦੇ ਹੁੰਦੇ ਸਨ। 


Tanu

Content Editor

Related News