ਰੂਸ-ਯੂਕ੍ਰੇਨ 'ਚ ਤਣਾਅ ਸਿਖ਼ਰਾਂ 'ਤੇ, ਭਾਰਤੀ ਦੂਤਘਰ ਨੇ ਵਿਦਿਆਰਥੀਆਂ ਨੂੰ ਮੁੜ ਦਿੱਤੀ ਦੇਸ਼ ਛੱਡਣ ਦੀ ਸਲਾਹ

Tuesday, Feb 22, 2022 - 05:28 PM (IST)

ਨਵੀਂ ਦਿੱਲੀ (ਭਾਸ਼ਾ) : ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਭਾਰਤੀ ਵਿਦਿਆਰਥੀਆਂ ਨੂੰ ਉਸ ਦੇਸ਼ ਨੂੰ ਅਸਥਾਈ ਤੌਰ ‘ਤੇ ਛੱਡਣ ਲਈ ਕਿਹਾ ਹੈ। ਭਾਰਤੀ ਦੂਤਘਰ ਦਾ ਇਹ ਸੁਝਾਅ ਅਜਿਹੇ ਸਮੇਂ ਆਇਆ ਹੈ ਜਦੋਂ ਰੂਸ ਵੱਲੋਂ ਪੂਰਬੀ ਯੂਕ੍ਰੇਨ ਦੇ 2 ਅਸ਼ਾਂਤ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਤੋਂ ਬਾਅਦ ਤਣਾਅ ਵੱਧ ਗਿਆ ਹੈ। ਯੂਕ੍ਰੇਨ ਵਿਚ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਪੜ੍ਹਾਈ ਦੇ ਸਬੰਧ ਵਿਚ ਭਾਰਤੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵਿਚ ਦੂਤਘਰ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਭਾਰਤੀ ਦੂਤਘਰ ਅਨੁਸਾਰ, 'ਦੂਤਘਰ ਨੂੰ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਪੜ੍ਹਾਈ ਦੇ ਸਬੰਧ ਵਿਚ ਬਹੁਤ ਸਾਰੀਆਂ ਕਾਲਾਂ ਆਈਆਂ ਹਨ। ਇਸ ਸਬੰਧ ਵਿਚ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਅਸੀਂ ਭਾਰਤੀ ਵਿਦਿਆਰਥੀਆਂ ਦੀ ਸਿੱਖਿਆ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਬੰਧਤ ਅਥਾਰਟੀ ਦੇ ਸੰਪਰਕ ਵਿਚ ਹਾਂ।'

ਇਹ ਵੀ ਪੜ੍ਹੋ: ਯੂਕ੍ਰੇਨ 'ਚ 20,000 ਤੋਂ ਵੱਧ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦਾ ਅਹਿਮ ਬਿਆਨ ਆਇਆ ਸਾਹਮਣੇ

ਮਿਸ਼ਨ ਨੇ ਆਪਣੀ ਤਾਜ਼ਾ ਐਡਵਾਈਜ਼ਰੀ ਵਿਚ ਕਿਹਾ, 'ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਸੁਰੱਖਿਆ ਦੇ ਹਿੱਤ ਵਿਚ ਉਹ ਯੂਨੀਵਰਸਿਟੀ ਨਾਲ ਅਧਿਕਾਰਤ ਗੱਲਬਾਤ ਕਰਨ ਦੀ ਉਡੀਕ ਕਰਨ ਦੀ ਬਜਾਏ ਅਸਥਾਈ ਤੌਰ 'ਤੇ ਯੂਕ੍ਰੇਨ ਛੱਡ ਦੇਣ।' ਐਤਵਾਰ ਨੂੰ ਭਾਰਤੀ ਦੂਤਘਰ ਨੇ ਇਕ ਐਡਵਾਈਜ਼ਰੀ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਰੁਕਣਾ ਜ਼ਰੂਰੀ ਨਹੀਂ ਹੈ ਤਾਂ ਉਹ ਅਸਥਾਈ ਤੌਰ 'ਤੇ ਦੇਸ਼ ਛੱਡ ਦੇਣ। ਨਾਲ ਹੀ ਭਾਰਤ ਨੇ ਯੂਕ੍ਰੇਨ ਵਿਚ ਦੂਤਘਰ ਦੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਾਪਸ ਜਾਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਅਮਰੀਕਾ ਇਸ ਸਾਲ ਭਾਰਤੀਆਂ ਨੂੰ ਜਾਰੀ ਕਰੇਗਾ ਵਧੇਰੇ ਗ੍ਰੀਨ ਕਾਰਡ

ਜ਼ਿਕਰਯੋਗ ਹੈ ਕਿ ਰੂਸ ਨੇ ਐਤਵਾਰ ਨੂੰ ਯੂਕ੍ਰੇਨ ਦੀ ਉੱਤਰੀ ਸਰਹੱਦਾਂ ਨੇੜੇ ਫੌਜੀ ਅਭਿਆਸ ਵਧਾ ਦਿੱਤਾ ਸੀ। ਯੂਕ੍ਰੇਨ ਦੀਆਂ ਸਰਹੱਦਾਂ 'ਤੇ 1,30,000 ਸੈਨਿਕਾਂ, ਲੜਾਕੂ ਜਹਾਜ਼ਾਂ ਅਤੇ ਹੋਰ ਸਾਜ਼ੋ-ਸਾਮਾਨ ਤਾਇਨਾਤ ਕੀਤਾ ਹੋਇਆ ਹੈ। ਕੀਵ ਦੀ ਆਬਾਦੀ ਲਗਭਗ 30 ਲੱਖ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਵਿਚ ਰੂਸ ਸਮਰਥਿਤ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇ ਦਿੱਤੀ ਹੈ। ਉਥੇ ਹੀ ਯੂਰਪੀ ਸੰਘ ਨੇ ਯੂਕ੍ਰੇਨ ਦੇ ਵੱਖਵਾਦੀ ਖੇਤਰਾਂ ਨੂੰ ਮਾਨਤਾ ਦੇਣ ਦੇ ਰੂਸ ਦੇ ਕਦਮ ਨੂੰ ਕੌਮਾਂਤਰੀ ਕਾਨੂੰਨ ਦਾ ਉਲੰਘਣ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸ 'ਚ ਸ਼ਾਮਲ ਲੋਕਾਂ 'ਤੇ ਪਾਬੰਦੀਆਂ ਲਗਾਏਗਾ। ਇਸ ਨੇ ਯੂਕ੍ਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣਾ ਸਮਰਥਨ ਦੁਹਰਾਇਆ।

ਇਹ ਵੀ ਪੜ੍ਹੋ: UNSC ’ਚ ਬੋਲਿਆ ਭਾਰਤ, ਯੂਕ੍ਰੇਨ-ਰੂਸ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News