ਭਾਰਤੀਆਂ ਨੇ ਦੇਸ਼ ਤੋਂ ਬਾਹਰ ਜਮ੍ਹਾ ਕੀਤੀ 15 ਤੋਂ 34 ਲੱਖ ਕਰੋੜ ਦੀ ਅਣ-ਐਲਾਨੀ ਜਾਇਦਾਦ

06/25/2019 11:00:23 AM

ਨਵੀਂ ਦਿੱਲੀ— ਸਾਲ 1998 ਤੋਂ 2010 ਦਰਮਿਆਨ ਭਾਰਤੀਆਂ ਨੇ ਦੇਸ਼ ਤੋਂ ਬਾਹਰ 15 ਲੱਖ ਕਰੋੜ ਰੁਪਏ ਤੋਂ 34 ਲੱਖ ਕਰੋੜ ਰੁਪਏ ਤੱਕ ਦੀ ਅਣ-ਐਲਾਨੀ ਜਾਇਦਾਦ ਜਮ੍ਹਾ ਕੀਤੀ। 3 ਵਕਾਰੀ ਸੰਸਥਾਨਾਂ ਐੱਨ. ਆਈ. ਪੀ. ਐੱਫ. ਪੀ. ਏ., ਐੱਨ. ਸੀ. ਏ. ਆਈ. ਆਰ. ਅਤੇ ਐੱਨ. ਆਈ. ਐੱਫ. ਐੱਮ. ਵਲੋਂ ਵੱਖ-ਵੱਖ ਕੀਤੇ ਗਏ ਅਧਿਐਨਾਂ ਵਿਚ ਇਹ ਅੰਕੜੇ ਸਾਹਮਣੇ ਆਏ ਹਨ। ਲੋਕ ਸਭਾ ਵਿਚ ਇਨ੍ਹਾਂ ਅਧਿਐਨਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਇਕ ਰਿਪੋਰਟ ਪੇਸ਼ ਕੀਤੀ ਸੀ। ਇਨ੍ਹਾਂ ਅਧਿਐਨਾਂ ਵਿਚ ਉਨ੍ਹਾਂ ਖੇਤਰਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਅਣ-ਐਲਾਨੀ ਜਾਇਦਾਦ ਜਮ੍ਹਾ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਵਿਚ ਮੁੱਖ ਰੂਪ ਵਿਚ ਰੀਅਲ ਅਸਟੇਟ, ਮਾਈਨਿੰਗ, ਫਾਰਮਾਸਿਊਟੀਕਲ, ਪਾਨ ਮਸਾਲਾ, ਗੁਟਖਾ, ਤੰਬਾਕੂ, ਬੁਲਿਅਨ, ਕਮੋਡਿਟੀ, ਫਿਲਮ ਅਤੇ ਐਜੂਕੇਸ਼ਨ ਸ਼ਾਮਲ ਹਨ। ਕਮੇਟੀ ਦੀ ਰਿਪੋਰਟ ਮੁਤਾਬਕ ਹਾਲਾਂਕਿ ਬਲੈਕ ਮਨੀ ਪੈਦਾ ਹੋਣ ਜਾਂ ਜਮ੍ਹਾ ਹੋਣ 'ਤੇ ਨਾ ਤਾਂ ਕੋਈ ਪੱਕਾ ਅੰਦਾਜ਼ਾ ਹੈ ਤੇ ਨਾ ਹੀ ਇਸ ਤਰ੍ਹਾਂ ਦੇ ਅੰਦਾਜ਼ੇ ਲਈ ਕੋਈ ਮਨਜ਼ੂਰਸ਼ੁਦਾ ਤਰੀਕਾ ਹੈ। ਰਿਪੋਰਟ ਮੁਤਾਬਕ ਹੁਣ ਤੱਕ ਸਾਹਮਣੇ ਆਏ ਅੰਦਾਜ਼ਿਆਂ ਵਿਚ ਇਸ ਉਦੇਸ਼ ਲਈ ਵਰਤੀ ਗਈ ਸਰਵੋਤਮ ਮੈਥਡਾਲੋਜ਼ੀ ਜਾਂ ਦ੍ਰਿਸ਼ਟੀਕੋਣ ਨੂੰ ਲੈ ਕੇ ਇਕਰੂਪਤਾ ਜਾਂ ਸਹਿਮਤੀ ਨਹੀਂ ਹੈ।

ਲੋਕ ਸਭਾ ਭੰਗ ਹੋਣ ਤੋਂ ਠੀਕ ਪਹਿਲਾਂ ਜਮ੍ਹਾ ਹੋਈ ਸੀ ਰਿਪੋਰਟ
ਸੰਸਦੀ ਪੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਣਐਲਾਨੀ ਆਮਦਨ ਅਤੇ ਜਾਇਦਾਦ ਪੱਕਾ ਅੰਦਾਜ਼ਾ ਲਾਉਣਾ ਖਾਸਾ ਮੁਸ਼ਕਲ ਕੰਮ ਹੈ। ਮੁੱਖ ਆਰਥਿਕ ਸਲਾਹਕਾਰ ਦੀ ਰਾਇ ਵਿਚ ਇਕ ਕਾਮਨ ਅੰਦਾਜ਼ਾ ਲਾਉਣਾ ਬਿਲਕੁਲ ਵੀ ਸੰਭਵ ਨਹੀਂ ਹੈ। ਐੱਮ. ਵੀਰੱਪਾ ਮੋਇਲੀ ਦੀ ਪ੍ਰਧਾਨਗੀ ਵਾਲੇ ਇਸ ਪੈਨਲ ਨੇ 16ਵੀਂ ਲੋਕ ਸਭਾ ਭੰਗ ਹੋਣ ਤੋਂ ਠੀਕ ਪਹਿਲਾਂ 28 ਮਾਰਚ ਨੂੰ ਆਪਣੀ ਰਿਪੋਰਟ ਲੋਕ ਸਭਾ ਵਿਚ ਜਮ੍ਹਾ ਕੀਤੀ ਸੀ।

ਵੱਖ-ਵੱਖ ਅਧਿਐਨ ਕੀ ਕਹਿੰਦੇ ਹਨ
ਰਿਪੋਰਟ ਮੁਤਾਬਕ ਨੈਸ਼ਨਲ ਕੌਂਸਲ ਆਫ ਅਪਲਾਇਡ ਇਕੋਨਮਿਕ ਰਿਸਰਚ ਦੇ ਅਧਿਐਨ ਵਿਚ ਕਿਹਾ ਗਿਆ ਕਿ 1980-2010 ਦੌਰਾਨ ਭਾਰਤ ਤੋਂ ਬਾਹਰ 384 ਅਰਬ ਡਾਲਰ ਤੋਂ 490 ਅਰਬ ਡਾਲਰ ਦੇ ਦਰਮਿਆਨ ਅਣ-ਐਲਾਨੀ ਜਾਇਦਾਦ ਜਮ੍ਹਾ ਹੋਣ ਦਾ ਅੰਦਾਜ਼ਾ ਹੈ। ਨੈਸਨਲ ਇੰਸਟੀਚਿਊਟ ਆਫ ਫਾਈਨਾਂਸ਼ੀਅਲ ਮੈਨੇਜਮੈਂਟ ਨੇ ਕਿਹਾ ਕਿ ਰਿਫਾਰਮ ਪੀਰੀਅਡ (1990-2008) ਦੌਰਾਨ ਭਾਰਤ ਤੋਂ ਲਗਭਗ 216.48 ਅਰਬ ਡਾਲਰ ਦੀ ਨਾਜਾਇਜ਼ ਜਾਇਦਾਦ ਵਿਦੇਸ਼ ਵਿਚ ਜਮ੍ਹਾ ਹੋਣ ਦਾ ਅੰਦਾਜ਼ਾ ਹੈ। ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਐਂਡ ਫਾਈਨਾਂਸ ਨੇ ਕਿਹਾ ਕਿ 1997 ਤੋਂ 2009 ਦੌਰਾਨ ਨਾਜਾਇਜ਼ ਫੰਡ ਦਾ ਆਊਟ ਫਲੋਅ ਜੀ. ਡੀ. ਪੀ. ਦੇ ਮੁਕਾਬਲੇ 0.2 ਫੀਸਦੀ ਤੋਂ 7.4 ਫੀਸਦੀ ਦਰਮਿਆਨ ਰਹਿਣ ਦਾ ਅੰਦਾਜ਼ਾ ਹੈ।


DIsha

Content Editor

Related News