ਇੰਡੀਅਨ ਕੋਸਟ ਗਾਰਡ ਦੇ DG ਰਾਕੇਸ਼ ਪਾਲ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, ਚੇਨਈ ''ਚ ਲਏ ਆਖਰੀ ਸਾਹ

Sunday, Aug 18, 2024 - 09:36 PM (IST)

ਨੈਸ਼ਨਲ ਡੈਸਕ : ਭਾਰਤੀ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਰਾਕੇਸ਼ ਪਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਚੇਨਈ ਵਿਚ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ ਰਾਕੇਸ਼ ਪਾਲ ਨੂੰ ਦਿਨ ਵੇਲੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਰਾਜੀਵ ਗਾਂਧੀ ਜਨਰਲ ਹਸਪਤਾਲ (ਆਰਜੀਜੀਐੱਚ) ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਐਂਜੀਓ ਟੈਸਟ ਕਰਨ ਲਈ ਵੀ ਕਿਹਾ। ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਹਸਪਤਾਲ ਜਾ ਕੇ ਰਾਕੇਸ਼ ਪਾਲ ਨੂੰ ਸ਼ਰਧਾਂਜਲੀ ਦਿੱਤੀ। ਰਾਕੇਸ਼ ਪਾਲ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਜਾਵੇਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਡੀਜੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਲਿਖਿਆ ਚੇਨਈ ਵਿਚ ਅੱਜ ਭਾਰਤੀ ਕੋਸਟ ਗਾਰਡ ਬਲ ਦੇ ਡੀਜੀ ਰਾਕੇਸ਼ ਪਾ ਦੇ ਦੇਹਾਂਤ ਦਾ ਗਹਿਰਾ ਦੁੱਖ ਹੋਇਆ। ਉਹ ਇੱਕ ਯੋਗ ਅਤੇ ਪ੍ਰਤੀਬੱਧ ਅਧਿਕਾਰੀ ਸੀ, ਜਿਸ ਦੀ ਅਗਵਾਈ ਵਿੱਚ ਆਈਸੀਜੀ ਭਾਰਤ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਬਹੁਤ ਤਰੱਕੀ ਕਰ ਰਿਹਾ ਸੀ। ਉਸ ਦੇ ਦੁਖੀ ਪਰਿਵਾਰ ਨਾਲ ਮੇਰੀ ਹਮਦਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੇਨਈ ਵਿੱਚ ਤੱਟ ਰੱਖਿਅਕ ਦੇ ਸਮੁੰਦਰੀ ਬਚਾਅ ਅਤੇ ਤਾਲਮੇਲ ਕੇਂਦਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਸੀ। ਭਾਰਤੀ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਰਾਕੇਸ਼ ਪਾਲ ਸਮਾਰੋਹ ਦਾ ਸੰਚਾਲਨ ਕਰਨ ਲਈ ਚੇਨਈ ਵਿੱਚ ਸਨ।

ਰਾਕੇਸ਼ ਪਾਲ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਪਿਛਲੇ ਸਾਲ ਇੰਡੀਅਨ ਕੋਸਟ ਗਾਰਡ (ICG) ਦਾ 25ਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਹ ਇੰਡੀਅਨ ਨੇਵਲ ਅਕੈਡਮੀ ਦੇ ਸਾਬਕਾ ਵਿਦਿਆਰਥੀ ਸਨ। ਰਾਕੇਸ਼ ਪਾਲ ਜਨਵਰੀ 1989 ਵਿੱਚ ਇੰਡੀਅਨ ਕੋਸਟ ਗਾਰਡ ਵਿੱਚ ਭਰਤੀ ਹੋਏ ਸਨ। ਉਨ੍ਹਾਂ ਨੇ ਦ੍ਰੋਣਾਚਾਰੀਆ, ਇੰਡੀਅਨ ਨੇਵਲ ਸਕੂਲ, ਕੋਚੀ ਅਤੇ ਯੂਕੇ ਵਿੱਚ ਇਲੈਕਟ੍ਰੋ-ਆਪਟਿਕਸ ਫਾਇਰ ਕੰਟਰੋਲ ਸਲਿਊਸ਼ਨ ਕੋਰਸ ਤੋਂ ਤੋਪ ਅਤੇ ਹਥਿਆਰ ਪ੍ਰਣਾਲੀਆਂ ਵਿੱਚ ਪੇਸ਼ੇਵਰ ਮੁਹਾਰਤ ਹਾਸਲ ਕੀਤੀ।


Baljit Singh

Content Editor

Related News