ਇਨਸਾਨੀਅਤ ਸ਼ਰਮਸਾਰ ! ਹਸਪਤਾਲ ਕਰਮਚਾਰੀ ਨੇ ਮਰੀ ਔਰਤ ਦੇ ਲਾਹ ਲਏ ਗਹਿਣੇ, ਵੀਡੀਓ ਵਾਇਰਲ

Tuesday, Dec 02, 2025 - 12:44 PM (IST)

ਇਨਸਾਨੀਅਤ ਸ਼ਰਮਸਾਰ ! ਹਸਪਤਾਲ ਕਰਮਚਾਰੀ ਨੇ ਮਰੀ ਔਰਤ ਦੇ ਲਾਹ ਲਏ ਗਹਿਣੇ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਇੱਕ ਮਹਿਲਾ ਕਰਮਚਾਰੀ ਨੂੰ ਮਰੀ ਹੋਈ ਬਜ਼ੁਰਗ ਔਰਤ ਦੇ ਸਰੀਰ ਤੋਂ ਗਹਿਣੇ ਚੋਰੀ ਕਰਦੇ ਹੋਏ ਫੜਿਆ ਗਿਆ ਹੈ ਅਤੇ ਇਹ ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ 'ਚ ਹੋ ਗਈ ਹੈ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਬੀਨਾ ਰਾਣੀ ਗੁਪਤਾ ਨੂੰ 11 ਨਵੰਬਰ ਨੂੰ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕਾ ਦੇ ਬੇਟੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਮਾਤਾ ਜੀ ਨੇ ਕੰਨਾਂ ਵਿੱਚ ਟੌਪਸ ਤੇ ਕੰਨਾਂ ਦੀ ਚੇਨ ਪਹਿਨੀ ਹੋਈ ਸੀ, ਜਿਸਦਾ ਕੁੱਲ ਵਜ਼ਨ ਲਗਭਗ 10 ਗ੍ਰਾਮ ਸੀ। ਉਨ੍ਹਾਂ ਨੇ ਦੱਸਿਆ ਕਿ ਸੋਨੇ ਦੇ ਇਹ ਟੌਪਸ ਤੇ ਚੇਨ ਹਸਪਤਾਲ ਦੇ ਕਿਸੇ ਕਰਮਚਾਰੀ ਨੇ ਚੋਰੀ ਕਰ ਲਏ। ਜਦੋਂ ਮ੍ਰਿਤਕਾ ਦੇ ਬੇਟੇ ਨੇ ਗਹਿਣਿਆਂ ਬਾਰੇ ਪੁੱਛਿਆ, ਤਾਂ ਉਸ ਨਾਲ ਬਦਸਲੂਕੀ ਵੀ ਕੀਤੀ ਗਈ।
CCTV ਫੁਟੇਜ ਤੋਂ ਹੋਈ ਪੁਸ਼ਟੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬੈੱਡ 'ਤੇ ਪਈ ਮ੍ਰਿਤਕ ਔਰਤ ਦੇ ਕੰਨਾਂ ਵਿੱਚੋਂ ਮਹਿਲਾ ਸਟਾਫ ਗਹਿਣੇ ਚੁਰਾ ਰਿਹਾ ਹੈ। ਇਸ ਮਾਮਲੇ 'ਚ ਪੁਲਸ ਨੇ ਦੱਸਿਆ ਕਿ BNS (ਭਾਰਤੀ ਨਿਆ ਸੰਹਿਤਾ) ਦੀ ਧਾਰਾ 302(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਇੱਕ ਘਟਨਾ ਪਹਿਲਾਂ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਵੀ ਸਾਹਮਣੇ ਆਈ ਸੀ, ਜਿੱਥੇ ਸੜਕ ਹਾਦਸੇ ਵਿੱਚ ਜ਼ਖਮੀ ਹੋਈ ਇੱਕ ਔਰਤ ਦੇ ਕੰਨ ਵਿੱਚੋਂ ਝੁਮਕਾ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਵਾਰਡ ਬੁਆਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

 


author

Shubam Kumar

Content Editor

Related News