ਭਾਰਤ-ਅਮਰੀਕਾ ਦੇ ਸਬੰਧ ਕਾਫ਼ੀ ਚੰਗੇ, ਕੋਈ ਸਮੱਸਿਆ ਨਹੀਂ : ਗੋਇਲ

Thursday, Oct 15, 2026 - 01:46 PM (IST)

ਭਾਰਤ-ਅਮਰੀਕਾ ਦੇ ਸਬੰਧ ਕਾਫ਼ੀ ਚੰਗੇ, ਕੋਈ ਸਮੱਸਿਆ ਨਹੀਂ : ਗੋਇਲ

ਨਵੀਂ ਦਿੱਲੀ (ਏਜੰਸੀ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਕਾਫ਼ੀ ਚੰਗੇ ਹਨ ਅਤੇ ਸਿਆਸੀ ਵਿਚਾਰਧਾਰਾ ਵਿਚ ਬਦਲਾਅ ਦੇ ਬਾਵਜੂਦ ਇਨ੍ਹਾਂ ਵਿਚ ਹੋਰ ਸੁਧਾਰ ਹੀ ਹੋਵੇਗਾ। ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਸਿਰਫ਼ ਵਪਾਰ ਤੱਕ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਵਿਚ ਰੱਖਿਆ, ਤਕਨਾਲੋਜੀ, ਮਹੱਤਵਪੂਰਨ ਖਣਿਜਾਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਵਰਗੇ ਖੇਤਰ ਵੀ ਸ਼ਾਮਲ ਹਨ।

ਉਨ੍ਹਾਂ ਇੱਥੇ ‘ਬਲੂਮਬਰਗ ਨਿਊ ਇਕਾਨਮੀ ਫੋਰਮ’ ਵਿਚ ਕਿਹਾ, ‘‘ਬੇਸ਼ੱਕ, ਸਾਡੇ ਸਬੰਧ ਪਹਿਲਾਂ ਹੀ ਕਾਫ਼ੀ ਚੰਗੇ ਹਨ। ਮੈਨੂੰ ਹੁਣ ਵੀ ਕੋਈ ਸਮੱਸਿਆ ਨਹੀਂ ਦਿਸਦੀ। ਮੇਰਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ ਅਤੇ ਦੁਨੀਆ ਲਈ ਇਨ੍ਹਾਂ ਦੇ ਦੂਰਗਾਮੀ ਮਾਅਨੇ ਹਨ, ਕਿਉਂਕਿ ਦੋਵੇਂ ਵੱਡੇ ਲੋਕਤੰਤਰ ਹਨ।’’ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਭਾਰਤ-ਅਮਰੀਕਾ ਸਬੰਧਾਂ ਵਿਚ ਸੁਧਾਰ ਹੋਵੇਗਾ। ਗੋਇਲ ਨੇ ਕਿਹਾ, ‘‘ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਗੱਲ ਸਿਰਫ਼ ਵਪਾਰ ਦੀ ਨਹੀਂ ਹੈ।

ਬੇਸ਼ੱਕ, ਅਮਰੀਕਾ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਵੀ ਉਹ ਅਜਿਹਾ ਹੀ ਬਣਿਆ ਰਹੇਗਾ। ਕੁੱਲ ਮਿਲਾ ਕੇ, ਮੈਨੂੰ ਅਮਰੀਕਾ ਨਾਲ ਕਿਸੇ ਸਮਝੌਤੇ ਨੂੰ ਲੈ ਕੇ ਵੀ ਕੋਈ ਸਮੱਸਿਆ ਨਹੀਂ ਦਿਸਦੀ।’’ ਇਸ ਦੌਰਾਨ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ, ਚੀਨ ਨਾਲ ਆਪਣੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਪਰ ਇਸ ਯਾਤਰਾ ਦਾ ਅੰਤਿਮ ਪੜਾਅ ਅਜੇ ਤੈਅ ਨਹੀਂ ਹੋਇਆ ਹੈ।


author

cherry

Content Editor

Related News