ਕੈਨੇਡਾ-ਭਾਰਤ ਦੇ ਰਿਸ਼ਤਿਆਂ ''ਚ ਆਵੇਗੀ ਮਜ਼ਬੂਤੀ ! CSIS ਨੇ ਹਟਾਈ ਵਿਵਾਦਿਤ ਰਿਪੋਰਟ

Thursday, Oct 08, 2026 - 02:28 PM (IST)

ਕੈਨੇਡਾ-ਭਾਰਤ ਦੇ ਰਿਸ਼ਤਿਆਂ ''ਚ ਆਵੇਗੀ ਮਜ਼ਬੂਤੀ ! CSIS ਨੇ ਹਟਾਈ ਵਿਵਾਦਿਤ ਰਿਪੋਰਟ

ਇੰਟਰਨੈਸ਼ਨਲ ਡੈਸਕ- ਨਿੱਝਰ ਕਤਲਕਾਂਡ ਮਗਰੋਂ ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਤਲਖ਼ੀ ਹੁਣ ਘਟਦੀ ਨਜ਼ਰ ਆ ਰਹੀ ਹੈ। ਕੈਨੇਡਾ ਸਰਕਾਰ ਨੇ ਆਪਣੀ ਖ਼ੁਫ਼ੀਆ ਏਜੰਸੀ CSIS (Canadian Security Intelligence Service) ਦੀ ਉਸ ਵਿਵਾਦਤ ਰਿਪੋਰਟ ਨੂੰ ਹਟਾ ਦਿੱਤਾ ਹੈ, ਜਿਸ 'ਚ ਭਾਰਤ ਨੂੰ ਚੀਨ ਤੋਂ ਬਾਅਦ ਕੈਨੇਡਾ 'ਚ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲਾ ਦੇਸ਼ ਦੱਸਿਆ ਗਿਆ ਸੀ। ਇਹ ਕਾਰਵਾਈ ਰਿਪੋਰਟ ਦੀ ਵਰਤੋਂ ਖਾਲਿਸਤਾਨ ਸਮਰਥਕਾਂ ਦੁਆਰਾ ਆਪਣੇ ਪ੍ਰਾਪਗੰਡੇ ਲਈ ਕੀਤੇ ਜਾਣ ਤੋਂ ਬਾਅਦ ਅਮਲ 'ਚ ਲਿਆਂਦੀ ਗਈ ਹੈ। 

ਇਹ ਰਿਪੋਰਟ ਸਾਲ 2025 'ਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਤਿਆਰ ਕੀਤੀ ਗਈ ਸੀ। ਹਾਲ ਹੀ 'ਚ ਖਾਲਿਸਤਾਨ ਪੱਖੀ ਸੰਗਠਨ 'ਸਿੱਖਸ ਫ਼ਾਰ ਜਸਟਿਸ' (SFJ) ਨੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਨਵੇਂ ਸਿਰੇ ਤੋਂ ਭਾਰਤ ਵਿਰੋਧੀ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਨੂੰ ਵੈੱਬਸਾਈਟ ਤੋਂ ਹਟਾਇਆ ਗਿਆ ਹੈ।

ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਤੇਜ਼ੀ ਨਾਲ ਉੱਭਰ ਰਹੀ ਗਲੋਬਲ ਸ਼ਕਤੀ ਹੋਣ ਦੇ ਨਾਤੇ, ਭਾਰਤ ਕੋਲ ਆਪਣਾ ਭੂ-ਰਾਜਨੀਤਿਕ ਪ੍ਰਭਾਵ ਵਧਾਉਣ ਲਈ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ 'ਚ ਦਖਲਅੰਦਾਜ਼ੀ ਕਰਨ ਦੀ ਸਮਰੱਥਾ ਅਤੇ ਇਰਾਦਾ ਹੈ। ਅਕਤੂਬਰ 2024 'ਚ ਦੋਵਾਂ ਦੇਸ਼ਾਂ ਦੁਆਰਾ 6-6 ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣ ਅਤੇ ਦੇਸ਼ ਵਿੱਚੋਂ ਕੱਢੇ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਰਿਪੋਰਟ 'ਚ ਕਿਹਾ ਗਿਆ ਸੀ ਕਿ ਭਾਰਤ ਆਪਣੀ ਖ਼ੁਫ਼ੀਆ ਰਣਨੀਤੀ ਨੂੰ ਹੋਰ ਸਖ਼ਤ ਕਰੇਗਾ ਤਾਂ ਜੋ ਉਸ ਦੀਆਂ ਗਤੀਵਿਧੀਆਂ ਨੂੰ ਪਛਾਨਣਾ ਹੋਰ ਔਖਾ ਹੋ ਜਾਵੇ।

ਜ਼ਿਕਰਯੋਗ ਹੈ ਕਿ ਕੈਨੇਡਾ 'ਚ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਆਉਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ। ਸਤੰਬਰ 2025 ਵਿੱਚ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਨਵੀਂ ਦਿੱਲੀ ਦਾ ਦੌਰਾ ਕਰਕੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਸੀ। 

ਇਸ ਤੋਂ ਬਾਅਦ ਫਰਵਰੀ 'ਚ NSA ਅਜੀਤ ਡੋਭਾਲ ਨੇ ਓਟਾਵਾ ਦਾ ਦੌਰਾ ਕੀਤਾ। ਬੀਤੇ ਸੋਮਵਾਰ ਨੂੰ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੀਨੀਅਰ ਕੂਟਨੀਤਕ ਸਲਾਹਕਾਰ ਡੇਵਿਡ ਮੌਰਿਸਨ ਨੇ ਨਵੀਂ ਦਿੱਲੀ 'ਚ ਅਜੀਤ ਡੋਭਾਲ ਨਾਲ ਅਹਿਮ ਬੈਠਕ ਕੀਤੀ ਹੈ। ਦੂਜੇ ਪਾਸੇ ਰਿਪੋਰਟ ਹਟਾਏ ਜਾਣ ਤੋਂ ਬਾਅਦ SFJ ਨੇ ਕੈਨੇਡਾ ਸਰਕਾਰ 'ਤੇ ਭਾਰਤ ਦੇ ਦਬਾਅ ਅੱਗੇ ਝੁਕਣ ਦੇ ਦੋਸ਼ ਲਗਾਏ ਹਨ। ਉਮੀਦ ਹੈ ਕਿ ਇਸ ਰਿਪੋਰਟ ਦੇ ਹਟਾਏ ਜਾਣ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਹੋਰ ਮਜ਼ਬੂਤੀ ਆਵੇਗੀ।


author

Harpreet SIngh

Content Editor

Related News