ਭਾਰਤ ਨੂੰ ਹੁਣ ਨਹੀਂ ਪਵੇਗੀ ਪਾਕਿਸਤਾਨੀ ਏਅਰਸਪੇਸ ਦੀ ਲੋੜ ! ਨਵੇਂ ਰੂਟ ਬਾਰੇ ਚੱਲ ਰਹੀ ਗੱਲਬਾਤ
Wednesday, Sep 30, 2026 - 02:54 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਲਈ ਆਪਣਾ ਏਅਰਸਪੇਸ ਲਗਾਤਾਰ ਬੰਦ ਰੱਖੇ ਜਾਣ ਕਾਰਨ ਭਾਰਤੀ ਏਅਰਲਾਈਨਾਂ 'ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਇਸ ਦਬਾਅ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਇੱਕ ਆਪਸ਼ਨਲ ਏਅਰ ਰੂਟ 'ਤੇ ਵਿਚਾਰ ਕਰ ਰਹੀ ਹੈ। ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ, ਚੀਨ ਦੇ ਸ਼ਿਨਜਿਆਂਗ ਖੇਤਰ ਦੇ 'ਹੋਤਾਨ' ਰੂਟ ਰਾਹੀਂ ਉਡਾਣਾਂ ਚਲਾਉਣ ਲਈ ਚੀਨ ਨਾਲ ਗੱਲਬਾਤ ਕਰ ਰਿਹਾ ਹੈ।
ਅਪ੍ਰੈਲ 2025 'ਚ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਏਅਰਲਾਈਨਾਂ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਸੀ, ਜਿਸ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਤੇ ਹੁਣ ਇਹ 24 ਅਕਤੂਬਰ 2026 ਤੱਕ ਬੰਦ ਰਹੇਗਾ ਤੇ ਇਸ ਤੋਂ ਬਾਅਦ ਵੀ ਇਸ ਨੂੰ ਵਧਾਏ ਜਾਣ ਦੀ ਉਮੀਦ ਹੈ। ਪਾਕਿਸਤਾਨੀ ਰੂਟ ਬੰਦ ਹੋਣ ਕਾਰਨ ਦਿੱਲੀ ਅਤੇ ਮੁੰਬਈ ਤੋਂ ਯੂਰਪ, ਬ੍ਰਿਟੇਨ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਣਾਂ ਨੂੰ ਅਰਬ ਸਾਗਰ ਵੱਲੋਂ ਚੱਕਰ ਲਗਾ ਕੇ ਜਾਣਾ ਪੈਂਦਾ ਹੈ।
ਇਸ ਲੰਬੇ ਰੂਟ ਕਾਰਨ ਉਡਾਣ ਦਾ ਸਮਾਂ 45 ਮਿੰਟ ਤੋਂ 2 ਘੰਟੇ ਤੱਕ ਵਧ ਜਾਂਦਾ ਹੈ। ਇੰਡੀਗੋ ਦੀ ਦਿੱਲੀ-ਇਸਤਾਂਬੁਲ ਫਲਾਈਟ ਨੂੰ 8 ਘੰਟੇ 39 ਮਿੰਟ ਲੱਗਦੇ ਹਨ, ਜਦਕਿ ਟਰਕਿਸ਼ ਏਅਰਲਾਈਨਜ਼ ਇਹ ਸਫ਼ਰ 6 ਘੰਟੇ 45 ਮਿੰਟ 'ਚ ਪੂਰਾ ਕਰ ਲੈਂਦੀ ਹੈ। ਪਾਕਿਸਤਾਨੀ ਏਅਰਸਪੇਸ 'ਤੇ ਲੱਗੇ ਬੈਨ ਦਾ ਸਭ ਤੋਂ ਵੱਧ ਨੁਕਸਾਨ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ 'ਏਅਰ ਇੰਡੀਆ' ਨੂੰ ਹੋ ਰਿਹਾ ਹੈ। ਇਸ ਨੁਕਸਾਨ ਨੂੰ ਘਟਾਉਣ ਲਈ ਸਰਕਾਰ ਰੂਟ ਨੂੰ ਬਦਲ ਕੇ ਚੀਨ ਰਾਹੀਂ ਫਲਾਈਟਾਂ ਲੰਘਾਉਣ 'ਤੇ ਚਰਚਾ ਕਰ ਰਹੀ ਹੈ।
ਇਹ ਵੀ ਪੜ੍ਹੋ- Big Breaking ; ਹਵਾ ਵਿਚਾਲੇ ਹਾਈਜੈਕ ਹੋ ਗਿਆ ਜਹਾਜ਼ ! 'ਕੜਿੱਕੀ' 'ਚ ਫ਼ਸੀ 180 ਲੋਕਾਂ ਦੀ ਜਾਨ
ਇਸ ਪ੍ਰਸਤਾਵਿਤ ਯੋਜਨਾ ਤਹਿਤ ਦਿੱਲੀ ਅਤੇ ਮੁੰਬਈ ਤੋਂ ਉੱਡਣ ਵਾਲੇ ਜਹਾਜ਼ ਲੇਹ (ਲੱਦਾਖ) ਵੱਲ ਵਧਣਗੇ, ਹੋਤਾਨ ਨੇੜੇ ਚੀਨੀ ਏਅਰਸਪੇਸ 'ਚ ਦਾਖਲ ਹੋਣਗੇ, ਉੱਥੋਂ ਕਿਰਗਿਸਤਾਨ ਵੱਲ ਮੁੜ ਕੇ ਸਿੱਧਾ ਯੂਰਪ ਅਤੇ ਉੱਤਰੀ ਅਮਰੀਕਾ ਦੇ ਰੂਟ ਨਾਲ ਜੁੜ ਜਾਣਗੇ। ਇਸ ਰੂਟ ਨਾਲ ਜਾਰਜੀਆ, ਬਾਕੂ, ਮਿਡਲ ਈਸਟ ਅਤੇ ਉੱਤਰੀ ਯੂਰਪ ਜਾਣ ਵਾਲੀਆਂ ਉਡਾਣਾਂ ਦੇ ਸਮੇਂ ਅਤੇ ਈਂਧਨ 'ਚ ਵੱਡੀ ਬਚਤ ਹੋਵੇਗੀ।
ਇਹ ਏਅਰ ਰੂਟ ਚੀਨ ਦੀ 'ਪੀਪਲਜ਼ ਲਿਬਰੇਸ਼ਨ ਆਰਮੀ' (PLA) ਦੇ ਵੈਸਟਰਨ ਥੀਏਟਰ ਕਮਾਂਡ ਦੇ ਅਧੀਨ ਆਉਂਦਾ ਹੈ, ਜੋ ਭਾਰਤ ਨਾਲ ਸਰਹੱਦੀ ਤਣਾਅ ਲਈ ਜ਼ਿੰਮੇਵਾਰ ਹੈ। ਇਹ ਖੇਤਰ 20,000 ਫੁੱਟ ਤੱਕ ਉੱਚੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਅਜਿਹੀ ਉਚਾਈ ਦੌਰਾਨ ਐਮਰਜੈਂਸੀ ਦੀ ਸਥਿਤੀ 'ਚ ਜਹਾਜ਼ ਨੂੰ ਹੇਠਾਂ ਲਿਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਨੇੜੇ ਕੋਈ ਐਮਰਜੈਂਸੀ ਏਅਰਪੋਰਟ ਵੀ ਉਪਲਬਧ ਨਹੀਂ ਹੈ, ਜਿਸ ਕਾਰਨ ਅੰਤਰਰਾਸ਼ਟਰੀ ਏਅਰਲਾਈਨਾਂ ਇਸ ਰੂਟ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੀਆਂ ਹਨ।
ਹਾਲਾਂਕਿ ਨਾਗਰਿਕ ਉੱਡਣ ਮੰਤਰੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਵਿਦੇਸ਼ ਮੰਤਰਾਲੇ ਰਾਹੀਂ ਚੀਨ ਨਾਲ ਗੱਲਬਾਤ ਜਾਰੀ ਹੈ ਅਤੇ ਅਜੇ ਤੱਕ ਕੋਈ ਅੰਤਿਮ ਸਮਝੌਤਾ ਜਾਂ ਸਮਾਂ-ਸੀਮਾ ਤੈਅ ਨਹੀਂ ਹੋਈ ਹੈ, ਪਰ ਜੇਕਰ ਇਹ ਰੂਟ ਵਰਤਣ ਦੀ ਭਾਰਤੀ ਏਅਰਲਾਈਨਜ਼ ਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਏਅਰਲਾਈਨਜ਼ ਦਾ ਕਾਫ਼ੀ ਤੇਲ ਤੇ ਸਮਾਂ ਵੀ ਬਚੇਗਾ ਤੇ ਨਾਲ ਹੀ ਭਾਰਤ ਦੀ ਪਾਕਿਸਤਾਨੀ ਏਅਰਸਪੇਸ 'ਤੇ ਨਿਰਭਰਤਾ ਵੀ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ- 'ਹਾਈਜੈਕ' ਹੋਏ ਜਹਾਜ਼ ਦਾ ਸਾਹਮਣੇ ਆਇਆ ਸੱਚ ! ਕੁਝ ਹੋਰ ਹੀ ਨਿਕਲੀ 'ਕਹਾਣੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
