ਰੱਖਿਆ ਖੇਤਰ ’ਚ ਭਾਰਤ-ਅਮਰੀਕਾ ਦੀ ਸਾਂਝੇਦਾਰੀ ਮਜ਼ਬੂਤ : ਸੀਤਾਰਮਨ
Saturday, Dec 08, 2018 - 11:44 PM (IST)

ਵਾਸ਼ਿੰਗਟਨ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਤੇ ਭਾਰਤ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਦੀ ਗੱਲ ’ਤੇ ਜ਼ੋਰ ਦਿੱਤਾ ਹੈ। ਆਪਣੇ 5 ਦਿਨਾ ਅਮਰੀਕੀ ਦੌਰੇ ਦੇ ਅਖੀਰ ਵਿਚ ਉਹ ਹਿੰਦ ਪ੍ਰਸ਼ਾਂਤ ਕਮਾਨ ਪਹੁੰਚੀ। ਉਥੇ ਉਨ੍ਹਾਂ ਨੇ ਕਿਹਾ ਕਿ ਬੀਤੇ ਦਹਾਕੇ ’ਚ ਰੱਖਿਆ ਖੇਤਰ ਵਿਚ ਭਾਰਤ-ਅਮਰੀਕਾ ਦੀ ਰਣਨੀਤਕ ਸਾਂਝ ਮਜ਼ਬੂਤ ਹੋਈ ਹੈ।
ਸੀਤਾਰਮਨ ਦੇ ਦੌਰੇ ਦੇ ਸਮਾਪਨ ’ਤੇ ਹਿੰਦ ਪ੍ਰਸ਼ਾਂਤ ਕਮਾਨ (ਯੂ. ਐੱਸ. ਇੰਡੋਪੈਕੋਮ) ਨੇ ਕਿਹਾ ਕਿ ਇਹ ਸਾਂਝੇਦਾਰੀ ਅਮਰੀਕਾ, ਭਾਰਤ ਸੁਰੱਖਿਆ ਸੰਬੰਧਾਂ ਦੇ ਵਧਦੇ ਰਣਨੀਤਕ ਮਹੱਤਵ ਨੂੰ ਦਰਸਾਉਂਦੀ ਹੈ। ਇਸ ਮੌਕੇ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ ਵਿਚ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਗੁੰਜਾਇਸ਼ ਵਧਦੀ ਜਾ ਰਹੀ ਹੈ। ਭਾਰਤੀ ਤੇ ਅਮਰੀਕੀ ਹਵਾਈ ਫੌਜਾਂ ਮੌਜੂਦਾ ਸਮੇਂ ਪੱਛਮੀ ਬੰਗਾਲ ਦੇ ਕਲਾਈਕੁੰਡਾ ਅਤੇ ਪਾਨਾਗੜ੍ਹ ਹਵਾਈ ਟਿਕਾਣਿਆਂ ’ਤੇ 12 ਦਿਨ ਦੇ ਫੌਜੀ ਅਭਿਆਸ ਵਿਚ ਹਿੱਸਾ ਲੈ ਰਹੀਆਂ ਹਨ, ਜਿਸ ਦਾ ਉਦੇਸ਼ ਮੁਹਿੰਮ ਦੌਰਾਨ ਤਾਲਮੇਲ ਵਧਾਉਣਾ ਹੈ।
ਪੈਂਟਾਗਨ ਵਿਚ ਆਪਣੇ ਅਮਰੀਕੀ ਹਮ-ਅਹੁਦਾ ਨਾਲ ਮੁਲਾਕਾਤ ਦੌਰਾਨ ਸੀਤਾਰਮਨ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਉਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸੰਕੇਤ ਹਨ ਕਿ ਦੁਵੱਲੇ ਅਤੇ ਸੰਸਾਰਕ ਮੁਲਾਕਾਤਾਂ ਨਾਲ ਸਾਡੀ ਦੁਵੱਲੀ ਸਾਂਝੇਦਾਰੀ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਐੱਫ-16 ਦੇ ਉਤਪਾਦਨ ਯੂਨਿਟ ਨੂੰ ਭਾਰਤ ਤਬਦੀਲ ਕਰਨ ਜਾਂ ਹਥਿਆਰਬੰਦ ਡਰੋਨ ਦੇ ਸੌਦਿਆਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਕਿਹਾ ਗਿਆ ਕਿ ਰੱਖਿਆ ਖੇਤਰ ਵਿਚ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਮਰੀਕਾ ਤਿਆਰ ਹੈ।