ਸਮੁੰਦਰੀ ਜਹਾਜ਼ ਰਾਹੀਂ ਡੂੰਘੇ ਸਮੁੰਦਰ ’ਚ ‘ਜਾਂਚ’ ਕਰੇਗਾ ਭਾਰਤ
Thursday, Nov 20, 2025 - 09:55 PM (IST)
ਚੇਨਈ (ਭਾਸ਼ਾ)– ਅਗਲੇ ਸਾਲ ਦੇ ਸ਼ੁਰੂ ਵਿਚ ਇਕ ਚੋਟੀ ਦੀ ਸਮੁੰਦਰੀ ਸੰਸਥਾ ਦੇ 2 ਵਿਗਿਆਨੀ ਚੇਨਈ ਦੇ ਸਮੁੰਦਰੀ ਕੰਢੇ ਤੋਂ ਦੂਰ ਦੇ ਖੇਤਰ ਵਿਚ 28 ਟਨ ਭਾਰ ਵਾਲੀ ਸਵਦੇਸ਼ੀ ਮਨੁੱਖੀ ਪਣਡੁੱਬੀ ਨੂੰ 500 ਮੀਟਰ ਦੀ ਡੂੰਘਾਈ ’ਚ ਲੈ ਕੇ ਜਾਣਗੇ। ਇਸ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਵੱਕਾਰੀ ਸਮੂਹ ਵਿਚ ਸ਼ਾਮਲ ਹੋ ਜਾਵੇਗਾ ਜਿਨ੍ਹਾਂ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।
ਰਾਸ਼ਟਰੀ ਮਹਾਸਾਗਰ ਤਕਨੀਕ ਸੰਸਥਾ (ਐੱਨ. ਆਈ. ਓ. ਟੀ.) ਦੇ ਜਲ ਯਾਤਰੀ ਰਮੇਸ਼ ਰਾਜੂ ਤੇ ਜਤਿੰਦਰ ਪਾਲ ਸਿੰਘ ਭਾਰਤ ਦੇ ‘ਡੀਪ ਓਸ਼ਨ ਮਿਸ਼ਨ’ ਤਹਿਤ ਡੂੰਘੇ ਮਹਾਸਾਗਰ ਦੇ ਭੇਤਾਂ ਨੂੰ ਜਾਣਨ ਲਈ ‘ਮਤਸਯ-6000’ ਦਾ ਸੰਚਾਲਨ ਕਰਨਗੇ।
ਸੰਸਥਾ ਦੇ ਡਾਇਰੈਕਟਰ ਬਾਲਾਜੀ ਰਾਮਕ੍ਰਿਸ਼ਨਨ ਨੇ ਕਿਹਾ, ‘‘ਅਸੀਂ ਦੂਰ ਤੋਂ ਸੰਚਾਲਨ ਕੀਤੇ ਜਾਣ ਵਾਲੇ ਜਹਾਜ਼ਾਂ ਦੀ ਵਰਤੋਂ ਕਰ ਕੇ ਸਮੁੰਦਰੀ ਤਲ ਦੀ ਡੂੰਘਾਈ ਵਿਚ ਜਾਂਚ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਸੀਂ 6,000 ਮੀਟਰ ਦੀ ਡੂੰਘਾਈ ’ਚ ਮਨੁੱਖਾਂ ਨੂੰ ਭੇਜ ਰਹੇ ਹਾਂ। ਇਸ ਮਿਸ਼ਨ ਲਈ ਸੁਰੱਖਿਆ ਸਭ ਤੋਂ ਜ਼ਰੂਰੀ ਹੈ।’’
