ਭਾਰਤੀ ਜਲ ਸੈਨਾ ਨੇ ਐਂਟੀ-ਸ਼ਿਪ ਮਿਜ਼ਾਈਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ

Wednesday, May 18, 2022 - 04:53 PM (IST)

ਭਾਰਤੀ ਜਲ ਸੈਨਾ ਨੇ ਐਂਟੀ-ਸ਼ਿਪ ਮਿਜ਼ਾਈਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ

ਬਾਲਾਸੋਰ (ਭਾਸ਼ਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਭਾਰਤੀ ਜਲ ਸੈਨਾ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) ਚਾਂਦੀਪੁਰ ਤੋਂ ਜਲ ਸੈਨਾ ਦੇ ਇਕ ਹੈਲੀਕਾਪਟਰ ਤੋਂ ਦਾਗ਼ੀ ਗਈ ਦੇਸੀ ਐਂਟੀ ਸ਼ਿਪ ਮਿਜ਼ਾਈਲ ਦਾ ਪਹਿਲਾ ਕਾਮਯਾਬ ਪ੍ਰੀਖਣ ਕੀਤਾ। ਡੀ.ਆਰ.ਡੀ.ਓ. ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਹਿੰਮ ਨੇ ਆਪਣੇ ਸਾਰੇ ਉਦੇਸ਼ ਪੂਰੇ ਕੀਤੇ। ਇਹ ਭਾਰਤੀ ਜਲ ਸੈਨਾ ਲਈ ਵਿਕਸਿਤ ਕੀਤੀ ਗਈ ਹਵਾ ਤੋਂ ਪਹਿਲੀ ਦੇਸੀ ਐਂਟੀ ਸ਼ਿਪ ਮਿਜ਼ਾਈਲ ਪ੍ਰਣਾਲੀ ਹੈ। ਮਿਜ਼ਾਈਲ ਪਹਿਲੇ ਤੋਂ ਤੈਅ ਆਪਣੇ ਮਾਰਗ 'ਤੇ ਅੱਗੇ ਵਧੀ ਅਤੇ ਪੂਰੀ ਤਰ੍ਹਾਂ ਟੀਤੇ ਤੱਕ ਪਹੁੰਚ ਗਈ। ਡੀ.ਆਰ.ਡੀ.ਓ. ਨੇ ਸਾਰੀਆਂ ਪ੍ਰਣਾਲੀਆਂ ਦੇ ਪ੍ਰਦਰਸ਼ਨ ਨੂੰ ਸੰਤੋਸ਼ਜਨਕ ਦੱਸਦੇ ਹੋਏ ਕਿਹਾ ਕਿ ਪ੍ਰੀਖਣ ਰੇਂਜ 'ਚ ਸੈਂਸਰ ਲਾਏ ਗਏ ਸਨ ਅਤੇ ਮਿਜ਼ਾਈਲ ਦੇ ਮਾਰਗ ਦੀ ਨਿਗਰਾਨੀ ਕੀਤੀ ਗਈ।

PunjabKesari

ਮਿਜ਼ਾਈਲ 'ਚ ਕਈ ਨਵੀਆਂ ਤਕਨੀਕਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ 'ਚ ਹੈਲੀਕਾਪਟਰ ਲਈ ਦੇਸੀ ਰੂਪ ਨਾਲ ਵਿਕਸਿਤ ਲਾਂਚਰ ਵੀ ਸ਼ਾਮਲ ਹੈ। ਮਿਜ਼ਾਈਲ ਪ੍ਰਣਾਲੀ 'ਚ ਆਧੁਨਿਕ ਦਿਸ਼ਾਸੂਚਕ ਅਤੇ ਏਕੀਕ੍ਰਿਤ ਏਵੀਓਨਿਕਸ ਵੀ ਸ਼ਾਮਲ ਹੈ। ਉਡਾਣ ਪ੍ਰੀਖਣ ਨੂੰ ਡੀ.ਆਰ.ਡੀ.ਓ. ਅਤੇ ਭਾਰਤੀ ਜਲ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲੀ ਪ੍ਰਯੋਗਾਤਮਕ ਉਡਾਣ ਪ੍ਰੀਖਣ ਲਈ ਡੀ.ਆਰ.ਡੀ.ਓ., ਭਾਰਤੀ ਜਲ ਸੈਨਾ ਅਤੇ ਸੰਬੰਧਤ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਮਿਜ਼ਾਈਲ ਪ੍ਰਣਾਲੀਆਂ ਦੇ ਦੇਸੀ ਡਿਜ਼ਾਈਨ ਅਤੇ ਵਿਕਾਸ 'ਚ ਉੱਚ ਪੱਧਰ ਦੀ ਸਮਰੱਥਾ ਹਾਸਲ ਕਰ ਲਈ ਹੈ। ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਪ੍ਰਾਜੈਕਟ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਾਜੈਕਟ 'ਚ ਸਹਿਯੋਗ ਲਈ ਭਾਰਤੀ ਜਲ ਸੈਨਾ ਅਤੇ ਜਲ ਸੈਨਾ ਉਡਾਣ ਪ੍ਰੀਖਣ ਸਕਵਾਰਡਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰਣਾਲੀ ਭਾਰਤੀ ਜਲ ਸੈਨਾ ਦੀ ਮਾਰਕ ਸਮਰੱਥਾ ਨੂੰ ਮਜ਼ਬੂਤ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News