ਨਗਰ ਨਿਗਮ ਕਮਿਸ਼ਨਰ ਦਾ ਐਕਸ਼ਨ! ਇੰਸਪੈਕਟਰ ਵਾਲੀਆ ਨੂੰ ਕੀਤਾ ਸਸਪੈਂਡ

Friday, Nov 14, 2025 - 10:50 AM (IST)

ਨਗਰ ਨਿਗਮ ਕਮਿਸ਼ਨਰ ਦਾ ਐਕਸ਼ਨ! ਇੰਸਪੈਕਟਰ ਵਾਲੀਆ ਨੂੰ ਕੀਤਾ ਸਸਪੈਂਡ

ਲੁਧਿਆਣਾ (ਹਿਤੇਸ਼): ਮਹਾਨਗਰ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਦੇ ਮਾਮਲੇ ’ਚ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ, ਜਿਸ ਦੇ ਤਹਿਤ ਰਾਣੀ ਝਾਂਸੀ ਰੋਡ, ਕਾਲਜ ਰੋਡ ਤੇ ਸਮਿਟਰੀ ਰੋਡ ’ਤੇ ਸਥਿਤ ਨਾਜਾਇਜ਼ ਇਮਾਰਤਾਂ ਖਿਲਾਫ਼ ਕਾਰਵਾਈ ਨਾ ਕਰਨ ਵਾਲੇ ਇੰਸਪੈਕਟਰ ਵਾਲੀਆ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇੱਥੇ ਦੱਸਣ ਉੱਚਿਤ ਹੋਵੇਗਾ ਕਿ ਫੁਆਰਾ ਚੌਕ ਨੇੜੇ ਰਾਣੀ ਝਾਂਸੀ ਰੋਡ, ਕਾਲਜ ਰੋਡ ਤੇ ਸਮਿਟਰੀ ਰੋਡ ’ਤੇ ਵੱਡੀ ਗਿਣਤੀ ’ਚ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਇਮਾਰਤਾਂ ਦਾ ਨਿਰਮਾਣ ਹੋ ਰਿਹਾ ਹੈ, ਜਿਨ੍ਹਾਂ ’ਚ ਕੁਝ ਇਮਾਰਤਾਂ ਦੇ ਨਿਰਮਾਣ ਲਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਹੈ, ਜਿਨ੍ਹਾਂ ਤੋਂ ਲੱਖਾਂ ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਹੋਣੀ ਚਾਹੀਦੀ ਹੈ।

ਇਸੇ ਤਰ੍ਹਾਂ ਜ਼ਿਆਦਾਤਾਰ ਇਮਾਰਤਾਂ ਨੂੰ ਪਾਰਕਿੰਗ ਤੇ ਹਾਊਸ ਲੇਨ ਦੀ ਥਾਂ ਨੂੰ ਕਵਰ ਕਰਨ ਦੀ ਵਜ੍ਹਾ ਕਾਰਨ ਫੀਸ ਜਮ੍ਹਾ ਕਰ ਕੇ ਰੈਗੂਲਰ ਨਹੀਂ ਕੀਤਾ ਜਾ ਸਕਦਾ ਹੈ, ਜਿਸ ਦੇ ਬਾਵਜੂਦ ਇੰਸਪੈਕਟਰ ਵਾਲੀਆ ਵਲੋਂ ਇਨ੍ਹਾਂ ਇਮਾਰਤਾਂ ਨੂੰ ਤੋੜਨ ਦੀ ਜ਼ਿੰਮੇਦਾਰੀ ਨਹੀਂ ਨਿਭਾਈ ਗਈ ਅਤੇ ਸੀਲਿੰਗ ਤੋਂ ਬਾਅਦ ਵੀ ਕਈ ਥਾਵਾਂ ’ਤੇ ਕੰਪਲੈਕਸ ਦਾ ਨਿਰਮਾਣ ਪੂਰਾ ਹੋ ਗਿਆ ਹੈ, ਜਿਸ ਨੂੰ ਲੈ ਕੇ ਵਾਲੀਆ ਨੂੰ ਸਸਪੈਂਡ ਕਰਨ ਸਬੰਧੀ ਕਮਿਸ਼ਨਰ ਵਲੋਂ ਜਾਰੀ ਆਰਡਰਜ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਬਣਦੀ ਡਿਊਟੀ ’ਚ ਲਾਪ੍ਰਵਾਹੀ ਵਰਤਣ ਦੀ ਟਿੱਪਣੀ ਕੀਤੀ ਗਈ ਹੈ।

ਟੀ. ਪੀ. ਸਕੀਮ ਦੇ ਏਰੀਏ ’ਚ ਬਣਵਾਏ ਗਏ ਕੰਪਲੈਕਸ ਨੂੰ ਲੈ ਕੇ ਵਧਿਆ ਵਿਵਾਦ

ਜਾਣਕਾਰੀ ਅਨੁਸਾਰ ਇੰਸ. ਵਾਲੀਆ ਵੱਲੋਂ ਮਾਲੇਰਕੋਟਲਾ ਹਾਊਸ ਟੀ. ਪੀ. ਸਕੀਮ ਦੇ ਏਰੀਏ ’ਚ ਬਣਵਾਏ ਗਏ ਕੰਪਲੈਕਸ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਇਹ ਰਿਹਾਇਸ਼ੀ ਇਲਾਕਾ ਹੈ ਅਤੇ ਉਥੇ ਪੈਟ੍ਰੋਲ ਪੰਪ ਨਾਲ ਤੋਂ ਪੁਲਸ ਕਮਿਸ਼ਨਰ ਦੇ ਘਰ ਵਲੋਂ ਜਾਣ ’ਤੇ ਰੋਡ ਨਾਲ ਲਗਦੀ ਤੰਗ ਗਲੀ ’ਚ ਮਲਟੀ ਸਟੋਰੀ ਮਾਰਕੀਟ ਬਣ ਗਈ। ਇਸ ਸਬੰਧ ’ਚ ਸ਼ਿਕਾਇਤ ਮਿਲਣ ’ਤੇ ਕਮਿਸ਼ਨਰ ਵਲੋਂ ਲਗਾਤਾਰ ਟਾਊਨ ਪਲੈਨਿੰਗ ਵਿੰਗ ’ਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਸਨ ਪਰ ਇਸ ਕੰਪਲੈਕਸ ’ਚ ਖੁੱਲ੍ਹੇ ਜਿਊਲਰੀ ਸ਼ੋਅਰੂਮ ਦਾ ਉਦਘਾਟਨ ਕਰਨ ਵਾਲੇ ਨਗਰ ਨਿਗਮ ਦੇ ਨੇਤਾ ਦੀ ਸਿਫਾਰਿਸ਼ ਕਾਰਨ ਵਾਲੀਆ ਨੇ ਉਸ ਨੂੰ ਗ਼ਲਤ ਤਰੀਨੇ ਨਾਲ ਰਿਹਾਇਸ਼ੀ ਦੱਸ ਕੇ ਕੰਪਾਊਂਡ ਕਰ ਦਿੱਤਾ, ਜਿਸ ਦੇ ਮੱਦੇਨਜ਼ਰ ਉਸ ਦੇ ਖਿਲਾਫ਼ ਸਸਪੈਂਡ ਕਰਨ ਦੀ ਕਾਰਵਾਈ ਕੀਤੀ ਗਈ ਹੈ।
 


author

Anmol Tagra

Content Editor

Related News