ਜਲਵਾਯੂ ਤਬਦੀਲੀ ਵਿਰੁੱਧ ਕਦਮ ਚੁੱਕਣ ’ਚ ਭਾਰਤ ਦੀ ਸਾਂਝੇਦਾਰੀ ਅਹਿਮ : UN
Thursday, Aug 29, 2019 - 08:33 AM (IST)

ਸੰਯੁਕਤ ਰਾਸ਼ਟਰ, (ਭਾਸ਼ਾ)- 2019 ਜਲਵਾਯੂ ਸਿਖਰ ਸੰਮੇਲਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਦੇ ਵਿਸ਼ੇਸ਼ ਦੂਤ ਨੇ ਕਿਹਾ ਕਿ ਜਲਵਾਯੂ ਤਬਦੀਲੀ ਵਿਰੁੱਧ ਕਦਮ ਚੁੱਕਣ ਲਈ ਭਾਰਤ ਦੀ ਸਾਂਝੇਦਾਰੀ ਬਹੁਤ ਮਹੱਤਵਪੂਰਨ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਸਬੰਧੀ ਮਾਮਲਿਆਂ ਵਿਚ ਅਗਵਾਈ ਜਾਰੀ ਰੱਖਣ ਦੀ ਮੁੜ ਪ੍ਰਤੀਬੱਧਤਾ ਜਤਾਈ ਹੈ।
2019 ਪੌਣ-ਪਾਣੀ ਸਿਖਰ ਸੰਮੇਲਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਦੇ ਵਿਸ਼ੇਸ਼ ਦੂਤ ਲੁਈਸ ਅਲਫੋਂਸੋ ਡੀ ਅਲਬਾ ਨੇ ਕਿਹਾ ਕਿ ਭਾਰਤ ਦਾ ਸਹਿਯੋਗ, ਸਾਂਝੇਦਾਰੀ ਬਹੁਤ ਮਹੱਤਵਪੂਰਨ ਹੈ ।
ਭਾਰਤੀ ਕੰਪਨੀਆਂ ਦੇ ਯਤਨਾਂ ਦੀ ਸ਼ਲਾਘਾ
ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਭਾਰਤੀ ਕੰਪਨੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਹਾਲ ਹੀ ਵਿਚ ਭਾਰਤ ਦੀ ਯਾਤਰਾ ਕੀਤੀ। ਮੈਂ ਸੀਮੈਂਟ ਉਦਯੋਗ ਅਤੇ ਵੱਡੀ ਗਿਣਤੀ ਵਿਚ ਅਨੇਕ ਕੰਪਨੀਆਂ ਨਾਲ ਬੈਠਕ ਕੀਤੀ। ਅਧਿਕਾਰੀ ਨੇ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਨਿਪਟਣ ਲਈ ਉਦਯੋਗ ਆਪਣੀ ਸਾਂਝੇਦਾਰੀ ਵਧਾ ਰਹੇ ਹਨ।
ਚੀਨ ਨੂੰ ਹਰਿਆਲੀ ’ਤੇ ਧਿਆਨ ਦੇਣ ਦੀ ਦਿੱਤੀ ਸਲਾਹ
ਉਨ੍ਹਾਂ ਪੇਈਚਿੰਗ ਨੂੰ ਸੰਦੇਸ਼ ਦਿੱਤਾ ਹੈ ਕਿ ਉਸ ਨੂੰ ‘ਬੈਲਟ ਐਂਡ ਰੋਡ’ ਪਹਿਲ ਵਿਚ ਹਰਿਆਣੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਡੀ ਅਲਬਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਚੀਨ ਸਿਰਫ ਕੋਲਾ ਯੰਤਰਾਂ ’ਤੇ ਨਿਰਭਰ ਨਾ ਰਹਿ ਕੇ ਹੋਰ ਬਦਲ ਪੇਸ਼ ਕਰੇ।
ਸੰਮੇਲਨ ’ਚ 100 ਨੇਤਾਵਾਂ ਦੇ ਹਿੱਸਾ ਲੈਣ ਦੀ ਉਮੀਦ
ਜਲਵਾਯੂ ਤਬਦੀਲੀ ’ਤੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਕਦਮਾਂ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਗੁਤਾਰੇਸ 23 ਸਤੰਬਰ ਨੂੰ 2019 ਜਲਵਾਯੂ ਤਬਦੀਲੀ ਕਾਰਵਾਈ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਾਂਗੇ। ਡੀ ਅਲਬਾ ਨੇ ਕਿਹਾ ਕਿ ਇਸ ਸੰਮੇਲਨ ਵਿਚ ਵਿਸ਼ਵ ਦੇ 100 ਤੋਂ ਜ਼ਿਆਦਾ ਨੇਤਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਸੰਮੇਲਨ ਦੇ ਤਹਿਤ ਸੰਯੁਕਤ ਰਾਸ਼ਟਰ ਯੁਵਾ ਜਲਵਾਯੂ ਤਬਦੀਲੀ ਕਾਰਵਾਈ ਸਿਖਰ ਸੰਮੇਲਨ ਵੀ ਹੋਵੇਗਾ ਜਿਸ ਵਿਚ 600 ਨੌਜਵਾਨ ਨੇਤਾਵਾਂ ਅਤੇ ਵਰਕਰਾਂ ਦੇ ਭਾਗ ਲੈਣ ਦੀ ਉਮੀਦ ਹੈ।