ਇੰਡੀਆ ਸ਼ਾਈਨਿੰਗ : ਮੋਦੀ, ਵਾਜਪਾਈ ਤੋਂ ਕਿਵੇਂ ਵੱਖ?
Wednesday, Dec 27, 2023 - 12:56 PM (IST)
ਨਵੀਂ ਦਿੱਲੀ- ਭਾਵੇਂ ‘ਇੰਡੀਆ’ ਗੱਠਜੋੜ 2024 ’ਚ ਲੋਕ ਸਭਾ ਦੀਆਂ 543 ਸੀਟਾਂ ’ਤੇ ਐੱਨ. ਡੀ. ਏ. ਨੂੰ ਸਿੱਧੀ ਟੱਕਰ ਦੇਣ ਨਾਲ ਸਬੰਧਤ ਆਪਣੇ ਮੁੱਦਿਆਂ ਨੂੰ ਸੁਲਝਾਉਣ ਲਈ ਸੰਘਰਸ਼ ਕਰ ਰਿਹਾ ਹੈ ਪਰ ਭਾਜਪਾ ਵਰਕਰ ਪਹਿਲਾਂ ਹੀ ਸੜਕਾਂ ’ਤੇ ਉਤਰ ਆਏ ਹਨ। ਪੀ. ਐੱਮ. ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਘਰ-ਘਰ ਜਾ ਕੇ ਕੇਂਦਰ ਦੀਆਂ ਭਲਾਈ ਸਕੀਮਾਂ ਤੋਂ ਲਾਭ ਲੈਣ ਵਾਲੇ 50 ਕਰੋੜ ਲਾਭਪਾਤਰੀਆਂ ਦੀ ਸੂਚੀ ਬਣਾਉਣ। ਪਾਰਟੀ ਦੀ ਸਿਖਰਲੀ ਲੀਡਰਸ਼ਿਪ ਫੀਲਡ ਰਿਪੋਰਟ ਲੈਣ ਲਈ ਸੂਬਿਆਂ ਦੀਆਂ ਰਾਜਧਾਨੀਆਂ ’ਚ ਤਾਇਨਾਤ ਹੋਵੇਗੀ।
ਜਿੱਥੇ ਮੋਦੀ ਵਿਕਾਸ ਦੀ ਗੱਲ ਕਰਨਗੇ, ਉੱਥੇ ਹੀ ਭਾਜਪਾ ਦੇ ਕਈ ਮੁੱਖ ਮੰਤਰੀ ਜਿਵੇਂ ਆਦਿਤਿਆਨਾਥ, ਮੋਹਨ ਯਾਦਵ (ਸੰਸਦ ਮੈਂਬਰ) ਅਤੇ ਹੋਰ ਲੋਕ ਹਿੰਦੂਤਵ ਦੇ ਨਾਂ ’ਤੇ ਪ੍ਰਚਾਰ ਕਰਨਗੇ। ਹਾਲਾਂਕਿ ਕੌਮਾਂਤਰੀ ਸਬੰਧਾਂ ਕਾਰਨ ਮੋਦੀ ਹਲਾਲਾ ਅਤੇ ਹਿਜਾਬ ਵਰਗੇ ਮੁੱਦਿਆਂ ’ਤੇ ਟਿੱਪਣੀ ਕਰਨ ਤੋਂ ਬਚਦੇ ਹਨ ਪਰ ਭਾਜਪਾ ਦੇ ਮੁੱਖ ਮੰਤਰੀ ਇਸ ਤੋਂ ਗੁਰੇਜ ਨਹੀਂ ਕਰਦੇ ਹਨ। ਇਸ ਨਾਲ ਘੱਟ ਗਿਣਤੀਆਂ ਦਾ ਵੋਟ ਬੈਂਕ ਵੀ ਮਜ਼ਬੂਤ ਹੁੰਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ 2024 ਲਈ ਐੱਚ. ਬੀ. ਐੱਮ. ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਭਾਵ ਹਿੰਦੂਤਵ, ਲਾਭਪਾਤਰੀ ਅਤੇ ਮੋਦੀ ਦੀ ਅਗਵਾਈ।
ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਲੱਗਦਾ ਹੈ ਕਿ ਇੰਡੀਆ ਸ਼ਾਈਨਿੰਗ ਵਰਗੀ ਮੁਹਿੰਮ 2004 ’ਚ ਵੋਟਰਾਂ ਨੂੰ ਰਾਸ ਨਹੀਂ ਆਈ। ਦੂਜੀ ਗੱਲ, ਵਾਜਪਾਈ ਨੇ ਲੋਕ ਸਭਾ ਚੋਣਾਂ 6 ਮਹੀਨੇ ਪਹਿਲਾਂ ਕਰਵਾ ਦਿੱਤੀਆਂ ਅਤੇ ਉਨ੍ਹਾਂ ਕੋਲ ਜਿੱਤ ਦਾ ਕੋਈ ਫਾਰਮੂਲਾ ਨਹੀਂ ਸੀ, ਕਿਉਂਕਿ ਸਹਿਯੋਗੀਆਂ ਨੇ ਐੱਨ. ਡੀ. ਏ. ਛੱਡਣਾ ਸ਼ੁਰੂ ਕਰ ਦਿੱਤਾ ਸੀ। ਇਹ ਇਸ ਲਈ ਅਸਫਲ ਹੋ ਗਿਆ, ਕਿਉਂਕਿ ਵਾਜਪਾਈ ਦੀ ਟੀਮ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਅਤੇ ਸਹੀ ਰਣਨੀਤੀ ਬਣਾਉਣ ’ਚ ਅਸਫਲ ਰਹੀ।