ਭਾਰਤ ਕੈਮੀਕਲ ਹਥਿਆਰਾਂ ਦੀ ਵਰਤੋਂ ਖਿਲਾਫ : ਵਿਦੇਸ਼ ਮੰਤਰਾਲਾ
Friday, Apr 13, 2018 - 04:09 AM (IST)
ਨਵੀਂ ਦਿੱਲੀ— ਡਬਲ ਏਜੰਟ ਸਰਗੇਈ ਸਕ੍ਰਿਪਲ ਤੇ ਉਸ ਦੀ ਧੀ ਯੂਲੀਆ 'ਤੇ ਕੈਮੀਕਲ ਹਮਲੇ ਤੋਂ ਬਾਅਦ ਰੂਸ ਤੇ ਬ੍ਰਿਟੇਨ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਭਾਰਤ ਨੇ ਕਿਹਾ ਕਿ ਉਹ ਕੈਮੀਕਲ ਹਥਿਆਰਾਂ ਦੀ ਵਰਤੋਂ ਦੇ ਖਿਲਾਫ ਹੈ ਤੇ ਮੁੱਦੇ ਦਾ ਹੱਲ ਕੈਮੀਕਲ ਹਥਿਆਰਾਂ ਸਮਝੌਤੇ ਦੇ ਪ੍ਰਬੰਧਾਂ ਮੁਤਾਬਕ ਹੋਣਾ ਚਾਹੀਦਾ ਹੈ।
ਅਜਿਹੀਆਂ ਖਬਰਾਂ ਹਨ ਕਿ ਬ੍ਰਿਟੇਨ ਮੁੱਦੇ ਨੂੰ ਲੰਡਨ 'ਚ ਅਗਲੇ ਹਫਤੇ ਹੋਣ ਵਾਲੀ ਰਾਸ਼ਟਰਮੰਡਲ ਪ੍ਰਮੁੱਖਾਂ ਦੀ ਬੈਠਕ 'ਚ ਚੁੱਕੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨਾਲ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਟੈਲੀਫੋਨ 'ਤੇ ਹੋਈ ਗੱਲਬਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਸੂਚਨਾ ਨਹੀਂ ਹੈ ਕਿ ਦੋਹਾਂ ਨੇਤਾਵਾਂ ਨੇ ਕੀ ਗੱਲ ਕੀਤੀ।
ਹਾਲਾਂਕਿ ਉਨ੍ਹਾਂ ਕਿਹਾ, 'ਭਾਰਤ ਕਿਤੇ ਵੀ , ਕਿਸੇ ਵੱਲੋਂ ਵੀ ਤੇ ਕਿਸੇ ਵੀ ਹਾਲਾਤ 'ਚ ਕੈਮੀਕਲ ਹਥਿਆਰਾਂ ਦੀ ਵਰਤੋਂ ਕਰਨ ਦੇ ਖਿਲਾਫ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੁੱਦੇ ਦਾ ਹੱਲ ਕੈਮੀਕਲ ਹਥਿਆਰ ਸਮਝੌਤੇ ਦੇ ਪ੍ਰਬੰਧਾਂ ਦੇ ਮੁਤਾਬਕ ਹੋਵੇਗਾ।' ਸੀਰੀਆ ਦੇ ਡੋਮਾ ਸ਼ਹਿਰ 'ਚ ਕਥਿਤ ਕੈਮੀਕਲ ਹਮਲੇ ਦੀਆਂ ਖਬਰਾਂ ਵਿਚਾਲੇ ਕੁਮਾਰ ਨੇ ਕਿਹਾ ਕਿ ਅਜਿਹੇ ਹਥਿਆਰਾਂ ਦਾ ਕਿਤੇ ਵੀ ਇਸਤੇਮਾਲ ਕੈਮੀਕਲ ਹਥਿਆਰ ਸਮਝੌਤੇ ਖਿਲਾਫ ਹੈ ਤੇ ਅਜਿਹਾ ਕੰਮ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
