ਭਾਰਤ ''ਚ ਕੋਰੋਨਾ ਦੇ 90 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 50 ਲੱਖ ਦੇ ਪਾਰ

09/16/2020 11:09:03 AM

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ 90,123 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਪੀੜਤਾਂ ਦੀ ਕੁੱਲ ਗਿਣਤੀ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਦੇਸ਼ 'ਚ ਸਿਰਫ਼ 11 ਦਿਨਾਂ ਅੰਦਰ ਮਾਮਲੇ 40 ਲੱਖ ਤੋਂ ਵੱਧ ਕੇ 50 ਲੱਖ ਦੇ ਪਾਰ ਚੱਲੇ ਗਏ ਹਨ। ਕੇਂਦਰੀ ਸਿਹਤ ਮਹਿਕਮੇ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਤੱਕ 39,42,360 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਦੇਸ਼ 'ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 78.53 ਫੀਸਦੀ ਹੋ ਗਈ ਹੈ। ਮਹਿਕਮੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਮਾਮਲਿਆਂ ਦੀ ਕੁੱਲ ਗਿਣਤੀ 50,20,359 ਹੋ ਗਈ। ਉੱਥੇ ਹੀ ਪਿੱਛੇ 24 ਘੰਟਿਆਂ 'ਚ ਸਭ ਤੋਂ ਵੱਧ 1,290 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 82,066 ਹੋ ਗਈ।

ਭਾਰਤ 'ਚ ਕੋਵਿਡ-19 ਦੇ ਮਾਮਲੇ 21 ਦਿਨਾਂ 'ਚ 10 ਲੱਖ ਤੋਂ 20 ਲੱਖ ਦੇ ਪਾਰ ਪਹੁੰਚੇ ਸਨ। ਇਸ ਤੋਂ ਬਾਅਦ 16 ਦਿਨਾਂ 'ਚ 30 ਲੱਖ ਅਤੇ 13 ਦਿਨਾਂ 'ਚ 40 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਸੀ। ਉੱਥੇ ਹੀ 40 ਲੱਖ ਤੋਂ ਬਾਅਦ 50 ਲੱਖ ਦੀ ਗਿਣਤੀ ਨੂੰ ਪਾਰ ਕਰਨ 'ਚ ਸਿਰਫ਼ 11 ਦਿਨ ਲੱਗੇ। ਦੇਸ਼ 'ਚ 110 ਦਿਨਾਂ 'ਚ ਕੋਵਿਡ-19 ਦੇ ਮਾਮਲੇ ਇਕ ਲੱਖ ਹੋਏ ਸਨ ਅਤੇ 59 ਦਿਨਾਂ 'ਚ ਉਹ 10 ਲੱਖ ਦੇ ਪਾਰ ਚੱਲੇ ਗਏ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ ਡਿੱਗ ਕੇ 1.63 ਫੀਸਦੀ ਹੋ ਗਈ। ਅੰਕੜਿਆਂ ਅਨੁਸਾਰ ਦੇਸ਼ 'ਚ ਹਾਲੇ 9,95,933 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ, ਜੋ ਕਿ ਕੁੱਲ ਮਾਮਲਿਆਂ ਦਾ 19.84 ਫੀਸਦੀ ਹੈ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ 15 ਸਤੰਬਰ ਤੱਕ ਕੁੱਲ 5,94,29,115 ਨਮੂਨਿਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 11,16,842 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਹੀ ਕੀਤੀ ਗਈ।


DIsha

Content Editor

Related News