ਜਾਣੋ ਭਾਰਤੀ ਲੋਕ ਕੋਰੋਨਾ ਜਾਂਚ ਤੋਂ ਕਿਉਂ ਘਬਰਾਅ ਰਹੇ ਹਨ

09/17/2020 3:37:54 PM

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਪੀੜਤਾਂ ਦਾ ਅੰਕੜਾ 50 ਲੱਖ ਦੇ ਪਾਰ ਹੋ ਗਿਆ ਹੈ। ਇਸ ਸਥਿਤੀ 'ਚ ਡਰਾਉਣ ਵਾਲੀ ਖ਼ਬਰ ਇਹ ਹੈ ਕਿ ਦੇਸ਼ 'ਚ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਝਿਜਕ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੇ ਅਨੁਭਵਾਂ ਦੇ ਆਧਾਰ 'ਤੇ ਡਾਟਾ ਜੁਟਾਉਣ ਵਾਲੇ ਇਕ ਸਮੂਹ ਲੋਕਲ ਸਰਕਲ ਦੇ ਸਰਵੇ ਅਨੁਸਾਰ ਦੇਸ਼ 'ਚ ਲੋਕ ਕੋਰੋਨਾ ਟੈਸਟ ਦੇ ਪ੍ਰਤੀ ਲਾਪਰਵਾਹ ਨਹੀਂ ਸਗੋਂ ਕਈ ਤਰ੍ਹਾਂ ਦੇ ਸ਼ੱਕ ਅਤੇ ਡਰ ਨਾਲ ਘਿਰੇ ਹੋਏ ਹਨ।

ਇਸ ਸਰਵੇ 'ਚ ਕੋਰੋਨਾ ਟੈਸਟਿੰਗ ਨਾਲ ਜੁੜੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਦੇ ਸਵਾਲਾਂ 'ਤੇ ਕੁਝ ਨਤੀਜੇ ਨਿਕਲੇ। ਜਿਵੇਂ ਕਿ:-
1- ਕਰੀਬ 50 ਫੀਸਦੀ ਭਾਰਤੀਆਂ ਨੇ ਮੰਨਿਆ ਹੈ ਕਿ ਉਹ ਘੱਟੋ-ਘੱਟ ਇਕ ਅਜਿਹੇ ਵਿਅਕਤੀ ਨੂੰ ਜਾਣਦੇ ਹਨ, ਜਿਸ ਨੇ ਲੱਛਣਾਂ ਦੇ ਬਾਵਜੂਦ ਕੋਰੋਨਾ ਟੈਸਟ ਨਹੀਂ ਕਰਵਾਇਆ।
2- ਇਸ ਸਰਵੇ 'ਚ 75 ਫੀਸਦੀ ਤੋਂ ਵੱਧ ਭਾਰਤੀਆਂ ਨੇ ਇਹ ਮੰਨਿਆ ਕਿ ਉਹ ਘੱਟੋ-ਘੱਟ ਇਕ ਅਜਿਹੇ ਵਿਅਕਤੀ ਦੇ ਸੰਪਰਕ ਜਾਂ ਪਛਾਣ 'ਚ ਰਹੇ ਹਨ, ਜੋ ਕੋਰੋਨਾ ਪਾਜ਼ੇਟਿਵ ਨਿਕਲਿਆ।
3- ਆਪਣੇ ਨੈੱਟਵਰਕ 'ਚ ਘੱਟੋ-ਘੱਟ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਹੋਣ ਦੀ ਗੱਲ ਮਈ 'ਚ ਜਿੱਥੇ 7 ਫੀਸਦੀ ਲੋਕਾਂ ਨੇ ਕਹੀ ਸੀ, ਉੱਥੇ ਹੀ ਸਤੰਬਰ 'ਚ 77 ਫੀਸਦੀ ਲੋਕਾਂ ਨੇ ਕਹੀ।
4- ਜੇਕਰ ਕੋਵਿਡ-19 ਹੋ ਜਾਂਦਾ ਹੈ ਤਾਂ ਇਸ ਸਥਿਤੀ 'ਚ ਸਿਰਫ਼ 13 ਫੀਸਦੀ ਲੋਕਾਂ ਨੇ ਮੰਨਿਆ ਕਿ ਉਹ ਡਰਨਗੇ ਨਹੀਂ ਸਗੋਂ ਟੈਸਟ ਅਤੇ ਇਲਾਜ ਦੀ ਪ੍ਰਕਿਰਿਆ ਪੂਰੀ ਕਰਨਗੇ।

ਇਸ ਕਰ ਕੇ ਡਰ ਰਹੇ ਹਨ ਲੋਕ
ਸਰਵੇ ਦੌਰਾਨ ਸਭ ਤੋਂ ਵੱਧ 29 ਫੀਸਦੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦੇ ਇਨਫੈਕਟਡ ਹੋਣ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਾਥੀਆਂ ਨੂੰ ਖਤਰਾ ਹੋ ਗਿਆ। ਇਸ ਤੋਂ ਇਲਾਵਾ 22 ਫੀਸਦੀ ਲੋਕਾਂ ਨੇ ਕਿਹਾ ਕਿ ਹਸਪਤਾਲ 'ਚ ਦਾਖ਼ਲ ਹੋਣ ਦੇ ਖਿਆਲ ਤੋਂ ਹੀ ਉਨ੍ਹਾਂ ਨੂੰ ਡਰ ਲੱਗਦਾ ਹੈ। 17 ਫੀਸਦੀ ਨੇ ਮੰਨਿਆ ਕਿ ਕੋਰੋਨਾ ਦੀ ਸਥਿਤੀ 'ਚ ਡਰ ਲੱਗਣ ਦਾ ਕਾਰਨ ਰੁਜ਼ਗਾਰ ਜਾਂ ਕਮਾਈ ਖਤਮ ਹੋ ਜਾਣਾ, ਪਰਿਵਾਰ ਦੀ ਅਸੁਰੱਖਿਆ ਅਤੇ ਘੱਟ ਜਾਣਕਾਰੀ ਹੋਣਾ ਹੈ। 

ਹਸਪਤਾਲ 'ਚ ਦਾਖ਼ਲ ਹੋਣ ਤੋਂ ਡਰ 
ਸਰਵੇ 'ਚ ਸਾਹਮਣੇ ਆਇਆ ਹੈ ਕਿ ਦੇਸ਼ 'ਚ ਵੱਡੀ ਗਿਣਤੀ 'ਚ ਲੋਕ ਹਸਪਤਾਲ 'ਚ ਦਾਖ਼ਲ ਹੋਣ ਤੋਂ ਡਰ ਰਹੇ ਹਨ, ਇਸ ਲਈ ਟੈਸਟ ਤੋਂ ਝਿਜਕ ਵੀ ਰਹੇ ਹਨ। ਇਹ ਡਰ ਕਿਉਂ ਹੈ? ਇਸ ਦਾ ਪਹਿਲਾ ਕਾਰਨ ਹੈ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਕੋਰੋਨਾ ਨਾ ਹੋਇਆ ਤਾਂ ਹਸਪਤਾਲ ਜਾਣ ਨਾਲ ਹੋ ਸਕਦਾ ਹੈ। ਦੂਜਾ, ਉਨ੍ਹਾਂ ਨੂੰ ਟੈਸਟ ਅਤੇ ਸਹੀ ਰਿਪੋਰਟ ਆਉਣ ਦਾ ਭਰੋਸਾ ਨਹੀਂ ਹੈ। ਤੀਜਾ, ਹਸਪਤਾਲ ਦੀਆਂ ਵਿਵਸਥਾਵਾਂ ਤੋਂ ਲੋਕ ਸੰਤੁਸ਼ਟ ਨਹੀਂ ਹੈ। ਫਿਰ ਇਹ ਵੀ ਕਿ ਹਸਪਤਾਲ 'ਚ ਇਲਾਜ ਦੇ ਨਾਂ 'ਤੇ ਉਨ੍ਹਾਂ ਨਾਲ ਕੀ ਹੋਵੇਗਾ, ਇਸ 'ਤੇ ਵੀ ਲੋਕਾਂ ਨੂੰ ਭਰੋਸਾ ਨਹੀਂ ਹੈ।

ਲੋਕਾਂ ਨੂੰ ਡਰਾ ਰਹੀਆਂ ਹਨ ਇਸ ਤਰ੍ਹਾਂ ਦੀਆਂ ਅਫਵਾਹਾਂ
ਲੋਕ ਸੋਚ ਰਹੇ ਹਨ ਕਿ ਕੋਰੋਨਾ ਦੇ ਨਾਂ 'ਤੇ ਧੰਦਾ ਚੱਲ ਰਿਾਹ ਹੈ। ਪੰਜਾਬ 'ਚ ਲੋਕ ਕੋਰੋਨਾ ਟੈਸਟ ਤੋਂ ਡਰ ਰਹੇ ਹਨ। ਇਸ ਸਿਲਸਿਲੇ 'ਚ ਇਕ ਨਿਊਜ਼ ਚੈਨਲ ਦੀ ਹਾਲੀਆ ਰਿਪੋਰਟ ਕਹਿੰਦੀ ਹੈ ਕਿ ਕਈ ਲੋਕ ਇਹ ਮੰਨ ਬੈਠੇ ਹਨ ਕਿ  ਕੋਰੋਨਾ ਟੈਸਟ ਦੇ ਨਾਂ 'ਤੇ ਉਨ੍ਹਾਂ ਨੂੰ ਜ਼ਬਰਨ ਪਾਜ਼ੇਟਿਵ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਤੋਂ ਵੱਖ ਕਰ ਕੇ ਉਨ੍ਹਾਂ ਦੀ ਜਾਨ ਲੈ ਲਈ ਜਾਵੇਗੀ ਅਤੇ ਫਿਰ ਤਸਕਰੀ ਲਈ ਉਨ੍ਹਾਂ ਦੇ ਅੰਗ ਕੱਢ ਲਏ ਜਾਣਗੇ।


DIsha

Content Editor

Related News