ਜਹਾਜ਼ਾਂ ’ਤੇ ਹਨੂੰਮਾਨ ਦੀ ਤਸਵੀਰ ਵਿਵਾਦ ਦੇ ਪਰਛਾਵੇਂ ’ਚ ਖਤਮ ਹੋਇਆ ਏਅਰੋ ਇੰਡੀਆ ਸ਼ੋਅ 2023
Saturday, Feb 18, 2023 - 11:45 AM (IST)
ਬੇਂਗਲੁਰੂ- ਇਸ ਵਾਰ ਏਅਰੋ ਇੰਡੀਆ ਸ਼ੋਅ-2023 ਵਿਵਾਦਾਂ ਦੇ ਘੇਰੇ ’ਚ ਰਿਹਾ। ਪਹਿਲੇ ਦਿਨ ਤੋਂ ਹੀ ਜਹਾਜ਼ ਦੇ ਪਿਛਲੇ ਹਿੱਸੇ ’ਤੇ ਪਵਨਪੁਤਰ ਹਨੂੰਮਾਨ ਦੀ ਤਸਵੀਰ ਲਗਾਏ ਜਾਣ ਕਾਰਨ ਪੈਦਾ ਹੋਇਆ ਵਿਵਾਦ ਵੀਰਵਾਰ ਨੂੰ ਸ਼ੋਅ ਦੇ ਆਖਰੀ ਦਿਨ ਵੀ ਐੱਚ. ਐੱਲ. ਐੱਫ. ਟੀ. 42 ਟ੍ਰੇਨਰ ਜਹਾਜ਼ਾਂ ਦੇ ਪਿਛਲੇ ਹਿੱਸੇ ’ਤੇ ਇਹ ਤਸਵੀਰ ਫਿਰ ਤੋਂ ਨਜ਼ਰ ਆਉਣ ਕਾਰਨ ਸੁਰਖੀਆਂ ’ਚ ਆ ਗਿਆ।
ਸ਼ੋਅ ਦੇ ਪਹਿਲੇ ਹੀ ਦਿਨ ਸ਼ੋਅ ’ਚ ਉਤਾਰੇ ਗਏ ਜਹਾਜ਼ਾਂ ਦੇ ਪਿਛਲੇ ਹਿੱਸਿਆਂ ’ਤੇ ਪਵਨਪੁਤਰ ਹਨੂੰਮਾਨ ਦੀਆਂ ਤਸਵੀਰਾਂ ਲਗਾਈਆਂ ਜਾਣ ਕਾਰਨ ਇਹ ਸ਼ੋਅ ਕਾਫੀ ਸੁਰਖੀਆਂ ’ਚ ਆ ਗਿਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਖਾਸ ਕਰ ਕੇ ਟਵਿੱਟਰ ’ਤੇ ਇਸ ਨੂੰ ਲੈ ਕੇ ਸ਼ੋਅ ਨੂੰ ਕਾਫੀ ਟ੍ਰੋਲ ਕੀਤਾ ਗਿਆ, ਜਿਸ ਤੋਂ ਬਾਅਦ ਅਗਲੇ ਹੀ ਦਿਨ ਜਹਾਜ਼ਾਂ ਤੋਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ। ਵਿਵਾਦ ਵਧਦੇ ਹੀ ਐੱਚ. ਏ. ਐੱਲ. ਦੇ ਸੀ. ਐੱਮ. ਡੀ. ਅਨੰਤਕ੍ਰਿਸ਼ਨਨ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਪਰ ਉਨ੍ਹਾਂ ਨੇ ਜਹਾਜ਼ਾਂ ਤੋਂ ਭਗਵਾਨ ਹਨੂੰਮਾਨ ਦੀ ਤਸਵੀਰ ਹਟਾਉਣ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ, ਸਿਰਫ ਇਹ ਕਿਹਾ ਕਿ ਇਹ ਗੈਰ-ਜ਼ਰੂਰੀ ਸੀ। ਇਸ ਤੋਂ ਬਾਅਦ ਸ਼ੋਅ ਦੇ ਆਖਰੀ ਦਿਨ ਫਿਰ ਜਹਾਜ਼ਾਂ ਦੇ ਪਿਛਲੇ ਹਿੱਸਿਆਂ ’ਤੇ ਇਹ ਤਸਵੀਰ ਨਜ਼ਰ ਆਈ ਪਰ ਅਜਿਹਾ ਕਿਉਂ ਹੋਇਆ ਇਸ ਬਾਰੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਸਿਰਫ ਇੰਨਾ ਹੀ ਕਿਹਾ ਗਿਆ ਕਿ ਉਨ੍ਹਾਂ ਨੇ ਨਿਰਦੇਸ਼ਾਂ ਦਾ ਪਾਲਣ ਕੀਤਾ।