ਭਾਰਤ ਪੈਰਿਸ ਜਲਵਾਯੂ ਸਮਝੌਤੇ ਤੋਂ ਕਿਤੇ ਜ਼ਿਆਦਾ ਕੰਮ ਕਰਨ ਲਈ ਤਿਆਰ : ਸੁਸ਼ਮਾ ਸਵਰਾਜ

09/20/2017 3:33:40 PM

ਸੰਯੁਕਤ ਰਾਸ਼ਟਰ— ਭਾਰਤ ਨੇ ਇਤਿਹਾਸਕ ਪੈਰਿਸ ਜਲਵਾਯੂ ਪਰਿਵਰਤਣ ਸਮਝੌਤੇ ਦੇ ਪ੍ਰਤੀ ਬੁੱਧਵਾਰ ਨੂੰ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਹ ਗਰੀਨ ਹਾਊਸ ਗੈਸ ਉਤਸਰਜਨ ਨੂੰ ਘੱਟ ਕਰਨ ਲਈ ਸਮਝੌਤੇ ਤੋਂ ''ਅੱਗੇ ਅਤੇ ਉਸ ਤੋਂ ਕਿਤੇ ਜ਼ਿਆਦਾ ਕੰਮ'' ਕਰਨ ਦਾ ਇੱਛੁਕ ਹੈ । ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ''ਲੀਡਰਸ਼ਿਪ ਸਮਿਟ ਆਨ ਇਨਵਾਇਰਮੈਂਟ ਪੈਕਟ'' ਦੌਰਾਨ ਕਿਹਾ ਕਿ ਭਾਰਤ ਵਾਤਾਵਰਣ ਅਤੇ ਵਿਕਾਸ ਉੱਤੇ ਚਰਚਾ ਵਿਚ ਸਭ ਤੋਂ ਅੱਗੇ ਰਿਹਾ ਹੈ । ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ ਵਿਚ ਪੈਰਿਸ ਸਮਝੌਤੇ ਨਾਲੋਂ ਵੱਖ ਹੋਣ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਸ ਸਮਝੌਤੇ ਵਿਚ ਅਮਰੀਕਾ ਦੀ ਭੂਮਿਕਾ ਉੱਤੇ ਅਨਿਸ਼ਚਿਤਤਾ ਦੌਰਾਨ ਸੁਸ਼ਮਾ ਦੀ ਇਹ ਟਿੱਪਣੀ ਆਈ ਹੈ । ਅਮਰੀਕਾ ਨੇ ਦਲੀਲ ਦਿੱਤੀ ਸੀ ਕਿ ਇਸ ਸਮਝੌਤੇ ਵਿਚ ਭਾਰਤ ਅਤੇ ਚੀਨ ਤਰ੍ਹਾਂ ਦੇ ਦੇਸ਼ਾਂ ਨੂੰ ਬੇਲੋੜਾ ਲਾਭ ਮਿਲ ਰਿਹਾ ਹੈ। ਦੁਨੀਆ ਵਿਚ ਕਾਰਬਨ ਉਤਸਰਜਨ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਦੇਸ਼ ਭਾਰਤ ਨੇ ਦਸੰਬਰ 2015 ਵਿਚ 190 ਤੋਂ ਜ਼ਿਆਦਾ ਦੇਸ਼ਾਂ ਨਾਲ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਸਨ, ਜਿਸ ਦਾ ਟੀਚਾ ਸੰਸਾਰਿਕ ਔਸਤ ਤਾਪਮਾਨ ਵਿਚ ਵਾਧੇ ਨੂੰ ਰੋਕਣਾ ਅਤੇ ਇਸ ਨੂੰ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣਾ ਹੈ । ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਦੀ ਮੇਜ਼ਬਾਨੀ ਵਾਲੇ ਸਿਖਰ ਸੰਮੇਲਨ ਵਿਚ ਭਾਗ ਲੈਂਦੇ ਹੋਏ ਸਵਰਾਜ ਨੇ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਤੋਂ ''ਅੱਗੇ ਅਤੇ ਉਸ ਤੋਂ ਕਿਤੇ ਜ਼ਿਆਦਾ ਕੰਮ'' ਕਰਨ ਦਾ ਇੱਛੁਕ ਹੈ । ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕਿਹਾ, ''ਧਰਤੀ ਵੱਲ ਸਾਡੀ ਜ਼ਿੰਮੇਦਾਰੀ ਨੂੰ ਸਮਝਦੇ ਹੋਏ ਭਾਰਤ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ।'' ਉਨ੍ਹਾਂ ਕਿਹਾ, ''ਅਸੀਂ ਇਸ ਦਾ ਜ਼ਿਕਰ ਵੀ ਕੀਤਾ ਹੈ ਕਿ ਭਾਰਤ ਅਤੇ ਫ਼ਰਾਂਸ ਅੰਤਰਰਾਸ਼ਟਰੀ ਸੌਰ ਗੱਠਜੋੜ ਉੱਤੇ ਮਿਲ ਕੇ ਕੰਮ ਕਰ ਰਹੇ ਹਨ।'' ਜ਼ਿਕਰਯੋਗ ਹੈ ਕਿ ਦਿਨ ਵਿਚ ਸੁਸ਼ਮਾ ਨੇ ਮੈਕਸੀਕੋ, ਨਾਰਵੇ ਅਤੇ ਬੈਲਜੀਅਮ ਦੇ ਨੇਤਾਵਾਂ ਨਾਲ ਵੀ ਦੋ-ਪੱਖੀ ਬੈਠਕਾਂ ਕੀਤੀਆਂ, ਜਿਸ ਵਿਚ ਮੁੱਖ ਧਿਆਨ ਦੋ-ਪੱਖੀ ਸਬੰਧਾਂ ਉੱਤੇ ਰਿਹਾ । ਉਨ੍ਹਾਂ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੱਗਨਾਥ ਨਾਲ ਵੀ ਮੁਲਾਕਾਤ ਕੀਤੀ । ਕੁਮਾਰ ਨੇ ਕਿਹਾ, ''ਬੈਲਜੀਅਮ ਵੱਲੋਂ ਇਸ ਸਾਲ ਭਾਰਤ ਦੀ ਉੱਚ ਪੱਧਰੀ ਯਾਤਰਾ ਦੀਆਂ ਸੰਭਾਵਨਾਵਾਂ ਉੱਤੇ ਵੀ ਚਰਚਾ ਕੀਤੀ ਗਈ ।'' ਸੁਸ਼ਮਾ ਦਾ ਸਾਨ ਮਾਰੀਨੋ, ਬ੍ਰ੍ਰਾਜ਼ੀਲ, ਮੋਰੱਕੋ, ਮਾਲਡੋਵਾ ਦੇ ਆਪਣੇ ਹਮਰੁਤਬਾ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ । ਉਨ੍ਹਾਂ ਦਾ ਜੀ-4  ( ਬ੍ਰਾਜ਼ੀਲ, ਜਰਮਨੀ, ਭਾਰਤ ਤੇ ਜਾਪਾਨ) ਅਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਸਮੇਤ ਕਈ ਬੈਠਕਾਂ ਵਿਚ ਭਾਗ ਲੈਣ ਦਾ ਵੀ ਪ੍ਰੋਗਰਾਮ ਹੈ ।


Related News