ਭਾਰਤੀ ਮਹਿਲਾ ਤੇ ਪੁਰਸ਼ 4x400 ਮੀਟਰ ਰਿਲੇਅ ਟੀਮਾਂ ਨੇ ਪੈਰਿਸ ਓਲੰਪਿਕ ਲਈ ਕੀਤਾ ਕੁਲੀਫਾਈ

Tuesday, May 07, 2024 - 10:32 AM (IST)

ਨਸਾਓ (ਬਹਾਮਾਸ)– ਭਾਰਤੀ ਮਹਿਲਾ ਤੇ ਪੁਰਸ਼ 4x400 ਮੀਟਰ ਰਿਲੇਅ ਟੀਮਾਂ ਨੇ ਇੱਥੇ ਸੋਮਵਾਰ ਨੂੰ ਵਿਸ਼ਵ ਐਥਲੈਟਿਕਸ ਰਿਲੇਅ ਵਿਚ ਦੂਜੇ ਦੌਰ ਦੀ ਹੀਟ ਵਿਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਰੂਪਲ ਚੌਧਰੀ, ਐੱਮ. ਆਰ. ਪੂਵਮਾ, ਜਯੋਤਿਕਾ ਸ਼੍ਰੀ ਦਾਂਡੀ ਤੇ ਸ਼ੁਭਾ ਵੈਂਕਟੇਸ਼ਨ ਦੀ ਚੌਕੜੀ ਨੇ 3 ਮਿੰਟ 29.35 ਸੈਕੰਡ ਦਾ ਸਮਾਂ ਲੈ ਕੇ ਪਹਿਲੀ ਹੀਟ ਵਿਚ ਜਮੈਕਾ (3:28.54) ਤੋਂ ਬਾਅਦ ਦੂਜਾ ਸਥਾਨ ਹਾਸਲ ਕਰਕੇ ਪੈਰਿਸ ਦੀ ਟਿਕਟ ਕਟਾਈ। ਭਾਰਤੀ ਟੀਮ ਐਤਵਾਰ ਨੂੰ ਪਹਿਲੇ ਦੌਰ ਦੀ ਕੁਆਲੀਫਾਇੰਗ ਹੀਟ ਵਿਚ 3 ਮਿੰਟ 29.74 ਸੈਕੰਡ ਦਾ ਸਮਾਂ ਲੈ ਕੇ 5ਵੇਂ ਸਥਾਨ ’ਤੇ ਰਹੀ ਸੀ।
ਬਾਅਦ ਵਿਚ ਪੁਰਸ਼ ਟੀਮ (ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਤੇ ਅਮੋਲ ਜੈਕਬ) 3 ਮਿੰਟ 3.23 ਸੈਕੰਡ ਦਾ ਸਮਾਂ ਕੱਢ ਕੇ ਅਮਰੀਕਾ (2:59.95) ਤੋਂ ਬਾਅਦ ਦੂਜੇ ਸਥਾਨ ’ਤੇ ਰਹੀ।
ਦੂਜੇ ਦੌਰ ਵਿਚ ਤਿੰਨੇ ਹੀਟਾਂ ਵਿਚ ਚੋਟੀ ਦੀਆਂ ਦੋ ਟੀਮਾਂ ਨੇ 26 ਜੁਲਾਈ ਤੋਂ 11 ਅਗਸਤ ਤਕ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਮਹਿਲਾ ਟੀਮ ਦਾ ਓਲੰਪਿਕ ਲਈ ਕੁਆਲੀਫਾਈ ਕਰਨਾ ਸੁਖਦਾਇਕ ਰਿਹਾ ਕਿਉਂਕਿ ਫੋਕਸ ਪੁਰਸ਼ ਟੀਮ ’ਤੇ ਸੀ, ਜਿਸ ਨੇ ਟੋਕੀਓ ਓਲੰਪਿਕ ਤੇ 2023 ਵਿਸ਼ਵ ਚੈਂਪੀਅਨਸ਼ਿਪ ਵਿਚ ਏਸ਼ੀਆਈ ਰਿਕਾਰਡ ਤੋੜਿਆ ਸੀ। ਇਸ ਤੋਂ ਇਲਾਵਾ 2023 ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਵੀ ਜਿੱਤਿਆ ਸੀ।
ਭਾਰਤੀ ਨੇ 4x400 ਮੀਟਰ ਮਿਕਸਡ ਰਿਲੇਅ ਦੇ ਦੂਜੇ ਦੌਰ ਦੀ ਟੀਮ ਵਿਚੋਂ ਨਾਂ ਵਾਪਸ ਲੈ ਲਿਆ ਸੀ ਕਿਉਂਕਿ ਰਮੇਸ਼ ਫਿੱਟ ਨਹੀਂ ਸੀ। ਉਸ ਨੇ ਐਤਵਾਰ ਨੂੰ 4x400 ਮੀਟਰ ਮਿਕਸਡ ਤੇ ਪੁਰਸ਼ ਦੋਵਾਂ ਵਰਗਾਂ ਵਿਚ ਹਿੱਸਾ ਲਿਆ। ਮਿਕਸਡ ਰਿਲੇਅ ਦਾ ਆਗਾਜ਼ ਟੋਕੀਓ ਓਲੰਪਿਕ ਨਾਲ ਹੋਇਆ ਤੇ ਭਾਰਤ ਨੇ ਵੀ ਇਸ ਵਿਚ ਕੁਆਲੀਫਾਈ ਕੀਤਾ ਸੀ। ਭਾਰਤੀ ਮਹਿਲਾ 4x400 ਮੀਟਰ ਰਿਲੇਅ ਟੀਮ ਟੋਕੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਪਹਿਲੀ ਵਾਰ ਲਾਸ ਏਂਜਲਸ ਵਿਚ 1984 ਖੇਡਾਂ ਵਿਚ ਮਹਿਲਾ 4x400 ਮੀਟਰ ਰਿਲੇਅ ਦੀ ਸ਼ੁਰੂਆਤ ਤੋਂ ਬਾਅਦ ਤੋਂ ਭਾਰਤੀ ਟੀਮ 8ਵੀਂ ਵਾਰ ਉਤਰੇਗੀ। ਉੱਥੇ ਹੀ, ਪੁਰਸ਼ ਟੀਮ ਚੌਥੀ ਵਾਰ ਹਿੱਸਾ ਲਵੇਗੀ ਕਿਉਂਕਿ ਇਸ ਵਰਗ ਦੀ ਪ੍ਰਤੀਯੋਗਿਤਾ 2000 ਸਿਡਨੀ ਓਲੰਪਿਕ ਤੋਂ ਹੀ ਸ਼ੁਰੂ ਹੋਈ ਹੈ। ਹੁਣ ਭਾਰਤ ਦੇ ਟ੍ਰੈਕ ਤੇ ਫੀਲਡ ਦੇ 19 ਖਿਡਾਰੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ, ਜਿਨ੍ਹਾਂ ਵਿਚ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸ਼ਾਮਲ ਹੈ। ਐਥਲੈਟਿਕਸ ਦੀਆਂ ਪ੍ਰਤੀਯੋਗਿਤਾਵਾਂ 1 ਅਗਸਤ ਤੋਂ ਸ਼ੁਰੂ ਹੋਣਗੀਆਂ।


Aarti dhillon

Content Editor

Related News