ਭਾਰਤ, ਨੇਪਾਲ ਨੇ ਮਹਾਕਾਲੀ ਨਦੀ ’ਤੇ ਪੁਲ ਨਿਰਮਾਣ ਲਈ ਸਮਝੌਤੇ ’ਤੇ ਕੀਤੇ ਦਸਤਖ਼ਤ

Wednesday, Feb 02, 2022 - 12:14 PM (IST)

ਭਾਰਤ, ਨੇਪਾਲ ਨੇ ਮਹਾਕਾਲੀ ਨਦੀ ’ਤੇ ਪੁਲ ਨਿਰਮਾਣ ਲਈ ਸਮਝੌਤੇ ’ਤੇ ਕੀਤੇ ਦਸਤਖ਼ਤ

ਕਾਠਮੰਡੂ (ਭਾਸ਼ਾ)— ਭਾਰਤ ਅਤੇ ਨੇਪਾਲ ਨੇ ਉੱਤਰਾਖੰਡ ’ਚ ਧਾਰਚੂਲਾ ਨੂੰ ਨੇਪਾਲ ਦੇ ਦਾਰਚੁਲਾ ਨਾਲ ਜੋੜਨ ਵਾਲੀ ਮਹਾਕਾਲੀ ਨਦੀ ’ਤੇ ਭਾਰਤੀ ਗਰਾਂਟ ਮਦਦ ਨਾਲ ਪੁਲ ਦੇ ਨਿਰਮਾਣ ਲਈ ਇਕ ਸਮਝੌਤੇ ’ਤੇ ਮੰਗਲਵਾਰ ਨੂੰ ਦਸਤਖ਼ਤ ਕੀਤੇ। ਇੱਥੇ ਭਾਰਤੀ ਦੂਤਘਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਨੇਪਾਲ ’ਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਅਤੇ ਨੇਪਾਲ ਦੇ ਭੌਤਿਕ ਬੁਨਿਆਦੀ ਢਾਂਚਾ ਅਤੇ ਆਵਾਜਾਈ ਮੰਤਰਾਲੇ ਦੇ ਸਕੱਤਰ ਰਬਿੰਦਰ ਨਾਥ ਸ਼੍ਰੇਸ਼ਠ ਨੇ ਟਰਾਂਸਪੋਰਟ ਮੰਤਰੀ ਰੇਣੀ ਕੁਮਾਰੀ ਯਾਦਵ ਦੀ ਹਾਜ਼ਰੀ ਵਿਚ ਸਮਝੌਤੇ ’ਤੇ ਦਸਤਖ਼ਤ ਕੀਤੇ।

ਟਰਾਂਸਪੋਰਟ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਪੁਲ ਦੇ ਨਿਰਮਾਣ ਦਾ ਸਾਰਾ ਖਰਚਾ ਚੁੱਕੇਗਾ। ਪੁਲ ਲਈ ਵਿਸਥਾਰਪੂਰਵਕ ਪ੍ਰਾਜੈਕਟ ਰਿਪੋਰਟ ਦੀ ਤਿਆਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲ ਦਾ ਨਿਰਮਾਣ ਕੰਮ ਜਲਦ ਸ਼ੁਰੂ ਹੋਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਵਪਾਰਕ, ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਵਿਚਾਲੇ ਆਦਾਨ-ਪ੍ਰਦਾਨ ਨੂੰ ਸੁਚਾਰੂ ਬਣਾਉਣ ਲਈ ਸਰਹੱਦ ਪਾਰ ਸੰਪਰਕ ਦਾ ਵਿਸਥਾਰ ਕਰਨ ਲਈ ਦੋਹਾਂ ਸਰਕਾਰਾਂ ਵਲੋਂ ਸਾਂਝੀ ਕੀਤੀ ਗਈ ਤਰਜੀਹ ਮੁਤਾਬਕ ਹੈ। ਸਰਕਾਰ ਨੇ ਜਨਵਰੀ ’ਚ ਇਕ ਮੈਮੋਰੰਡਮ ’ਤੇ ਦਸਤਖ਼ਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ। 

ਓਧਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਇਸ ਸਮਝੌਤੇ ’ਤੇ ਜਲਦ ਹੀ ਦਸਤਖ਼ਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਸੀ ਕਿ ਇਸ ਪੁਲ ਦਾ ਨਿਰਮਾਣ ਅਗਲੇ 3 ਸਾਲ ਵਿਚ ਪੂਰਾ ਕਰ ਲਿਆ ਜਾਵੇਗਾ। ਠਾਕੁਰ ਨੇ ਕਿਹਾ ਸੀ ਕਿ ਇਸ ਨਾਲ ਉੱਤਰਾਖੰਡ ਦੇ ਲੋਕਾਂ ਅਤੇ ਨੇਪਾਲ ਦੇ ਖੇਤਰ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ, ਭਾਈਚਾਰੇ ਅਤੇ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੇਗੀ। ਭਾਰਤੀ ਅਧਿਕਾਰੀਆਂ ਮੁਤਾਬਕ 110 ਕਿਲੋਮੀਟਰ ਲੰਬਾ ਪੁਲ ਉੱਤਰਾਖੰਡ ’ਚ ਭਾਰਤ-ਨੇਪਾਲ ਸਰਹੱਦ ’ਤੇ ਦੂਜਾ ਮੋਟਰ ਪੁਲ ਹੋਵੇਗਾ।


author

Tanu

Content Editor

Related News