ਪੱਛਮੀ ਬੰਗਾਲ ’ਚ ਮਮਤਾ ਨੇ ਭਾਜਪਾ ਨਾਲ ਫਿਰ ਕੀਤਾ ‘ਖੇਲਾ’!
Wednesday, Jun 05, 2024 - 05:33 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ’ਚ ਵੀ ਵੱਡਾ ‘ਖੇਲਾ’ ਵੇਖਣ ਨੂੰ ਮਿਲਿਆ ਹੈ। ਭਾਜਪਾ ਨੂੰ ਆਸ ਸੀ ਕਿ ਉਹ ਮਮਤਾ ਬੈਨਰਜੀ ਦੇ ਗੜ੍ਹ ’ਤੇ ਕਬਜ਼ਾ ਕਰੇਗੀ। ਐਗਜ਼ਿਟ ਪੋਲ ਵੀ ਭਾਜਪਾ ਦੇ ਹੱਕ ’ਚ ਵਿਖਾਈ ਦੇ ਰਹੇ ਸਨ। ਨਤੀਜਿਆਂ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਤੇ ਮਮਤਾ ਦੇ ਗੜ੍ਹ ’ਚ ਭਾਜਪਾ ਦੀ ਸਥਿਤੀ ਸੁਧਰਨ ਦੀ ਬਜਾਏ ਵਿਗੜਦੀ ਨਜ਼ਰ ਆ ਰਹੀ ਹੈ।
ਜਿੱਥੇ ਭਾਜਪਾ ਨੂੰ 2019 ’ਚ 18 ਸੀਟਾਂ ਮਿਲੀਆਂ ਸਨ, ਉੱਥੇ ਇਸ ਵਾਰ ਉਹ ਸਿਰਫ਼ 11 ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ। 2019 ’ਚ 22 ਸੀਟਾਂ ’ਤੇ ਕਾਬਜ਼ ਤ੍ਰਿਣਮੂਲ ਕਾਂਗਰਸ ਹੁਣ 30 ਸੀਟਾਂ ’ਤੇ ਕਾਬਜ਼ ਹੋ ਗਈ ਹੈ। ਇਸ ਤੋਂ ਇਲਾਵਾ 1 ਸੀਟ ਕਾਂਗਰਸ ਦੇ ਖਾਤੇ ’ਚ ਵੀ ਗਈ ਹੈ।
ਮਮਤਾ ਬੋਲੀ- ਅਸਤੀਫ਼ਾ ਦੇਣ ਮੋਦੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨੈਤਿਕ ਹਾਰ ਮੰਨਦੇ ਹੋਏ’ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਇਹ ਦਾਅਵਾ ਕਰਦੇ ਹੋਏ ਪ੍ਰਚਾਰ ਕੀਤਾ ਸੀ ਕਿ ਭਾਜਪਾ 400 ਤੋਂ ਵੱਧ ਸੀਟਾਂ ਜਿੱਤੇਗੀ ਪਰ ਅਸਲ ’ਚ ਉਹ ਆਪਣੇ ਦਮ ’ਤੇ ਬਹੁਮਤ ਤੱਕ ਹਾਸਲ ਕਰਨ ’ਚ ਨਾਕਾਮ ਰਹੀ।
ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਕਿਹਾ ਕਿ ਉਹ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੋਦੀ ਕੇਂਦਰ ਦੀ ਸੱਤਾ ਤੋਂ ਬਾਹਰ ਹੋ ਜਾਣ ਅਤੇ ‘ਇੰਡੀਆ’ ਗੱਠਜੋੜ ਸੱਤਾ ’ਚ ਆਏ। ਉਨ੍ਹਾਂ ਕਿਹਾ,‘ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ, ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ। ‘ਇੰਡੀਆ’ ਜਿੱਤ ਗਿਆ ਹੈ, ਮੋਦੀ ਹਾਰ ਗਏ ਹਨ। ਪ੍ਰਧਾਨ ਮੰਤਰੀ ਨੇ ਕਈ ਪਾਰਟੀਆਂ ਨੂੰ ਤੋੜਿਆ ਅਤੇ ਹੁਣ ਜਨਤਾ ਨੇ ਉਨ੍ਹਾਂ ਦਾ ਮਨੋਬਲ ਵੀ ਤੋੜ ਦਿੱਤਾ ਹੈ। ਮੋਦੀ ਹੁਣ ਸਰਕਾਰ ਬਣਾਉਣ ਲਈ ਟੀ. ਡੀ. ਪੀ. ਅਤੇ ਨਿਤੀਸ਼ (ਕੁਮਾਰ) ਦੇ ਪੈਰਾਂ ’ਤੇ ਡਿੱਗ ਰਹੇ ਹਨ।’ ਉਨ੍ਹਾਂ ਕਿਹਾ,‘ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਅਤੇ ਅੱਤਿਆਚਾਰ ਅੱਜ ਹਾਰ ਚੁੱਕਾ ਹੈ।