ਵਾਰਾਣਸੀ ''ਚ ਹੜ੍ਹ ਨਾਲ ਘਾਟਾਂ ਦੇ ਡੁੱਬਣ ''ਤੇ ਗਲੀਆਂ ''ਚ ਕਰਨੇ ਪੈ ਰਹੇ ਸਸਕਾਰ, PM ਮੋਦੀ ਨੇ ਜਤਾਈ ਚਿੰਤਾ

08/26/2022 4:25:15 PM

ਵਾਰਾਣਸੀ (ਭਾਸ਼ਾ)- ਵਾਰਾਣਸੀ 'ਚ ਗੰਗਾ ਅਤੇ ਵਰੁਣਾ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਇੱਥੋਂ ਦੇ ਹਰੀਸ਼ਚੰਦਰ ਅਤੇ ਮਣੀਕਰਨਿਕਾ ਘਾਟਾਂ ਦੇ ਪਾਣੀ ਵਿਚ ਡੁੱਬਣ ਕਾਰਨ ਲਾਸ਼ਾਂ ਦਾ ਸਸਕਾਰ ਨੇੜੇ-ਤੇੜੇ ਦੀਆਂ ਗਲੀਆਂ ਵਿਚ ਕਰਨਾ ਪੈ ਰਿਹਾ। ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜ਼ਾਹਰ ਕਰਦੇ ਹੋਏ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਇੱਥੋਂ ਦੇ ਸਾਰੇ ਘਾਟ ਅਤੇ ਨਾਲ ਲੱਗਦੇ ਨੀਵੇਂ ਇਲਾਕੇ ਡੁੱਬ ਗਏ ਹਨ, ਜਿਸ ਨਾਲ ਤੱਟਵਰਤੀ ਖੇਤਰਾਂ ਵਿਚ ਰਹਿਣ ਵਾਲੇ ਲੋਕ ਵਿਸਥਾਪਨ ਨੂੰ ਮਜ਼ਬੂਰ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਗੰਗਾ ਦੇ ਵਧਦੇ ਪਾਣੀ ਦੇ ਪੱਧਰ ਅਤੇ ਹੜ੍ਹ ਪੀੜਤਾਂ ਦੇ ਵਿਸਥਾਪਨ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਰਾਹਤ ਕੈਂਪ ਵਿਚ ਰਹਿ ਰਹੇ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਕੌਸ਼ਲ ਰਾਜ ਸ਼ਰਮਾ ਅਤੇ ਕਮਿਸ਼ਨਰ ਦੀਪਕ ਅਗਰਵਾਲ ਨੂੰ ਫ਼ੋਨ ਕੀਤਾ ਅਤੇ ਲੋੜ ਪੈਣ 'ਤੇ ਸਿੱਧੇ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨਾਲ ਸੰਪਰਕ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਕੇਂਦਰੀ ਜਲ ਕਮਿਸ਼ਨ ਮੁਤਾਬਕ ਸ਼ੁੱਕਰਵਾਰ ਸਵੇਰੇ 8 ਵਜੇ ਵਾਰਾਣਸੀ 'ਚ ਗੰਗਾ ਨਦੀ ਦਾ ਜਲ ਪੱਧਰ 70.262 ਮੀਟਰ ਦੇ ਚਿਤਾਵਨੀ ਬਿੰਦੂ ਤੋਂ ਵਧ ਕੇ 70.86 ਮੀਟਰ ਹੋ ਗਿਆ, ਜੋ ਕਿ 71.262 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਸਿਰਫ 0.40 ਮੀਟਰ ਹੇਠਾਂ ਹੈ। ਵਰੁਣਾ ਨਦੀ ਵਿਚ ਵੀ ਪਾਣੀ ਦਾ ਪੱਧਰ ਉੱਚਾ ਹੈ। ਵਰੁਣਾ ਦੇ ਕੰਢੇ ਸਥਿਤ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜ ਰਿਹਾ ਹੈ। ਰਾਹਤ ਕੈਂਪਾਂ ਵਿਚ ਬੇਘਰ ਹੋਏ ਲੋਕਾਂ ਨੂੰ ਖਾਣ-ਪੀਣ ਦੇ ਨਾਲ-ਨਾਲ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਵਾਰਾਣਸੀ ਦੇ ਤੱਟਵਰਤੀ ਇਲਾਕਿਆਂ 'ਚ ਹੜ੍ਹ ਦੇ ਪਾਣੀ ਕਾਰਨ ਨਗਵਾ, ਸਾਮਨੇ ਘਾਟ, ਮਾਰੂਤੀ ਨਗਰ, ਕਸ਼ੀਪੁਰਮ, ਰਮਨਾ ਆਦਿ ਜਲ-ਥਲ ਹੋ ਗਏ ਹਨ। ਸਾਮਨੇ ਘਾਟ ਦੇ ਵਸਨੀਕ ਵਰਿੰਦਰ ਚੌਬੇ ਨੇ ਦੱਸਿਆ ਕਿ ਜਿਵੇਂ ਹੀ ਪਾਣੀ ਘਰਾਂ ਵਿਚ ਵੜਨਾ ਸ਼ੁਰੂ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਪਿੰਡ ਭੇਜ ਦਿੱਤਾ ਪਰ ਆਪਣੇ ਆਪ ਨੂੰ ਰੋਕ ਲਿਆ ਅਤੇ ਘਰ ਵਿਚ ਰੱਖੇ ਸਾਮਾਨ ਦੀ ਰਾਖੀ ਲਈ ਸੰਘਰਸ਼ ਕਰਨਾ ਪਿਆ। ਹਕੁਲਗੰਜ ਦੇ ਵਸਨੀਕ ਚੰਦਰਕਾਂਤ ਸਿੰਘ ਨੇ ਦੱਸਿਆ ਕਿ ਹਕੂਲਗੰਜ ਅਤੇ ਨਈ ਬਸਤੀ ਵਿਚ 100 ਤੋਂ ਵੱਧ ਘਰ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਪਾਣੀ ਭਰ ਜਾਣ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਲਿਜਾਣ ਦੀਆਂ ਤਿਆਰੀਆਂ ਕਰ ਰਿਹਾ ਹੈ। ਗੰਗਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਅੱਸੀ ਘਾਟ ਤੋਂ ਲੈ ਕੇ ਨਮੋ ਘਾਟ ਪੂਰੀ ਤਰ੍ਹਾਂ ਡੁੱਬ ਗਏ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਹਰੀਸ਼ਚੰਦਰ ਘਾਟ ਅਤੇ ਮਣੀਕਰਨਿਕਾ ਘਾਟ 'ਤੇ ਪਾਣੀ ਭਰ ਜਾਣ ਕਾਰਨ ਸਸਕਾਰ ਜਾਂ ਤਾਂ ਨੇੜਲੀਆਂ ਗਲੀਆਂ ਜਾਂ ਛੱਤਾਂ 'ਤੇ ਹੀ ਕਰਨਾ ਪੈ ਰਿਹਾ ਹੈ। ਜਗ੍ਹਾ ਘੱਟ ਹੋਣ ਕਾਰਨ ਸਸਕਾਰ ਕਰਨ ਆਏ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News