ਟਰਾਂਸਪੋਰਟ ਵਿਭਾਗ ’ਚ ਆਇਆ ਘੋਟਾਲਿਆਂ ਦਾ ਹੜ੍ਹ, ਵੱਡੇ ਅਧਿਕਾਰੀ ਆਉਣਗੇ ਲਪੇਟੇ ’ਚ
Saturday, Apr 26, 2025 - 01:56 PM (IST)

ਪਟਿਆਲਾ/ਰੱਖੜਾ (ਰਾਣਾ) : ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿਚ ਘੋਟਾਲਿਆ ਦਾ ਹੜ੍ਹ ਆਇਆ ਹੋਇਆ ਹੈ। ਰੋਜ਼ਾਨਾ ਟਰਾਂਸਪੋਰਟ ਅਧਿਕਾਰੀਆਂ ਅਤੇ ਕਰਮਚਾਰੀਆ ਦੇ ਬਾਹਰੀ ਏਜੰਟ ਮਾਫੀਆ ਗਿਰੋਹ ਨਾਲ ਮਿਲੇ ਹੋਣ ਕਾਰਨ ਨਿੱਤ ਨਵੇਂ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਹਨ। ਸਰਕਾਰ ਦੀ ਸਖ਼ਤੀ ਦੇ ਬਾਵਜੂਦ ਇਹ ਅਧਿਕਾਰੀ ਅਤੇ ਕਰਮਚਾਰੀ ਭ੍ਰਿਸ਼ਟਾਚਾਰ ਕਰਨ ਤੋਂ ਬਾਜ ਨਹੀਂ ਆ ਰਹੇ। ਸਰਕਾਰ ਵੱਲੋਂ ਕੀਤੀ ਗਈ ਵੱਡੀ ਕਾਰਵਾਈ ’ਚ ਡਰਾਇੰਗ ਲਾਇਸੈਂਸ ਘੋਟਾਲੇ ’ਚ ਵਿਜੀਲੈਂਸ ਚੀਫ ਸੁਰਿੰਦਰ ਪਾਲ ਸਿੰਘ ਪਰਮਾਰ ਤੋਂ ਇਲਾਵਾ ਐੱਸ. ਐੱਸ. ਪੀ. ਸਵਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਦਿਆਂ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਡਿਪੂਆਂ ਤੋਂ ਰਾਸ਼ਨ ਲੈਣ ਵਾਲੇ ਪੰਜਾਬ ਦੇ ਲੱਖਾਂ ਲੋਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਹੁਣ ਪਟਿਆਲਾ ਟਰਾਂਸਪੋਰਟ ਵਿਭਾਗ ਅੰਦਰ ਵੀ ਬਾਹਰਲੀ ਸਟੇਟਾਂ ਤੋਂ ਆਏ ਵਾਹਨਾਂ ਦੇ ਨੰਬਰ ਮੋਡੀਫਾਈ ਕਰ ਕੇ ਲਾਉਣਾ, ਜਿਸ ਦਾ ਟੈਕਸ ਧੇਲਾ ਵੀ ਸਰਕਾਰ ਦੇ ਖਜ਼ਾਨੇ ’ਚ ਨਾ ਭਰਨਾ ਆਦਿ ਹੋਰ ਨਵੇਂ ਘਪਲੇ ਦੀ ਪੋਲ ਵੀ ਖੁੱਲ੍ਹਣ ਦੀ ਚਰਚਾਵਾਂ ਸ਼ਿੱਖਰਾਂ ’ਤੇ ਹਨ। ਪਿਛਲੇ ਦਿਨੀਂ ਪਟਿਆਲਾ ਵਿਜੀਲੈਂਸ ਵੱਲੋਂ ਡਰਾਇੰਗ ਟਰੈਕ ’ਤੇ ਅਚਨਚੇਤ ਰੇਡ ਕੀਤੀ ਗਈ, ਜਿੱਥੇ ਕਈ ਬਾਹਰੀ ਏਜੰਟਾਂ, ਮੁਲਾਜ਼ਮਾਂ ਅਤੇ ਟਰੈਕ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰਡਾਰ ’ਤੇ ਲਿਆ ਗਿਆ ਪਰ ਕਾਰਵਾਈ ਜ਼ੀਰੋ ਹੋਈ। ਇਸੇ ਤਰ੍ਹਾਂ ਨਾਮੀ ਏਜੰਟਾਂ ਦੀ ਮਨੋਪਲੀ, ਦਫ਼ਤਰੀ ਮੁਲਾਜ਼ਮਾਂ ਨਾਲ ਮਿਲੀਭੁਗਤ ਹੋਣ ਕਰ ਕੇ ਪਾਤੜਾਂ ਵਿਖੇ ਪੀ. ਬੀ. 72 ਏ ਸੀਰੀਜ਼ ਵਿਚ ਸਰਕਾਰ ਨੂੰ ਟੈਕਸ ਵਿਚ ਲੱਖਾਂ ਰੁਪਏ ਚੂਨਾ ਲਾਉਣ ਦੇ ਚਰਚੇ ਚੱਲ ਰਹੇ ਹਨ। ਜੇਕਰ ਇਸ ਦੀ ਉੱਚ ਪੱਧਰੀ ਜਾਂਚ ਹੁੰਦੀ ਹੈ ਤਾਂ ਕਈ ਹੋਰ ਤਰ੍ਹਾਂ ਦੇ ਘਪਲੇ ਵੀ ਸਾਹਮਣੇ ਆਉਣਗੇ। ਉੱਥੇ ਹੀ ਘਪਲਿਆਂ ਕਰ ਕੇ ਬਣਾਈਆਂ ਮੋਟੀ ਜਾਇਦਾਦਾਂ ਦਾ ਪਰਦਾਫਾਰਸ਼ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ 'ਭੂਚਾਲ', ਇਸ ਵੱਡੇ ਆਗੂ ਨੇ ਅਚਾਨਕ ਦਿੱਤਾ ਅਸਤੀਫ਼ਾ
ਦੱਸਣਯੋਗ ਹੈ ਕਿ ਪਟਿਆਲਾ, ਚਮਕੌਰ ਸਾਹਿਬ, ਮੋਰਿੰਡਾ, ਪਾਤੜਾਂ ਵਿਖੇ ਬਾਹਰਲੀਆਂ ਸਟੇਟਾਂ ਤੋਂ ਆਏ ਚੋਰੀ ਵਾਲੇ ਵਾਹਨਾਂ ਨੂੰ ਹਿਮਾਚਲ, ਹਰਿਆਣਾ ਦੇ ਨਵੇਂ ਨੰਬਰ ਮੋਡੀਫਾਈ ਕਰਕੇ ਲਾਉਣ ਦੇ ਮਾਮਲੇ ਵਿਚ ਕਿਸੇ ਵੀ ਮੁਲਾਜ਼ਮ ਅਤੇ ਏਜੰਟ ਖਿਲਾਫ ਕਾਰਵਾਈ ਨਹੀਂ ਹੋਈ, ਜਿਨ੍ਹਾਂ ਨੇ ਸਾਫ ਤੌਰ ’ਤੇ ਸਰਕਾਰ ਦੇ ਖਜ਼ਾਨੇ ਨੂੰ ਟੈਕਸ ਦੇ ਰੂਪ ਵਿਚ ਵੱਡੀ ਠੱਗੀ ਮਾਰੀ ਹੈ। ਉੱਥੇ ਹੀ ਪਾਤੜਾਂ ਦੇ ਏਜੰਟ ਰਜਨੀਸ਼ ਅਤੇ ਭੂਸ਼ਣ ਅਤੇ ਹੋਰ ਕਈ ਏਜੰਟਾਂ ਦੇ ਨਾਂ ਚਰਚਾ ਵਿਚ ਹਨ, ਜਿਨ੍ਹਾਂ ਨੇ ਬਾਹਰਲੀਆਂ ਸਟੇਟਾਂ ਦੀਆਂ ਪੁਰਾਣੀਆਂ ਗੱਡੀਆਂ ’ਤੇ ਮੋਡੀਫਾਈ ਕਰ ਕੇ ਨੰਬਰ ਲਾਏ ਹਨ। ਵਿਜੀਲੈਂਸ ਵੱਲੋਂ 10 ਵਿਅਕਤੀਆਂ ਖ਼ਿਲਾਫ ਇਕ ਹੋਰ ਮਾਮਲਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ, ਜਿਸ ’ਚ ਕਈ ਵਿਅਕਤੀਆਂ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ ਹੈ ਅਤੇ ਕਈ ਅਦਾਲਤ ਪਹੁੰਚੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e