PU ਹੋਸਟਲ ਦੀ ਮੈੱਸ ’ਚ ਫਿਰ ਮਿਲੀਆਂ ਗਲੀਆਂ-ਸੜੀਆਂ ਸਬਜ਼ੀਆਂ, ਲਿਆ ਗਿਆ ਐਕਸ਼ਨ

Tuesday, Apr 29, 2025 - 11:20 AM (IST)

PU ਹੋਸਟਲ ਦੀ ਮੈੱਸ ’ਚ ਫਿਰ ਮਿਲੀਆਂ ਗਲੀਆਂ-ਸੜੀਆਂ ਸਬਜ਼ੀਆਂ, ਲਿਆ ਗਿਆ ਐਕਸ਼ਨ

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ’ਚ ਰੋਜ਼ਾਨਾ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਕ ਵਾਰ ਫਿਰ ਤੋਂ ਮੈੱਸ ਅਤੇ ਕੰਟੀਨ ’ਚ 10 ਦਿਨ ਪੁਰਾਣੀ ਤੇ ਸੜੀ ਸਬਜ਼ੀ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਜੱਥੇਬੰਦੀ ਸੀ. ਵਾਈ. ਐੱਸ. ਐੱਸ. ਦੇ ਵਿਦਿਆਰਥੀਆਂ ਨੇ ਛਾਪਾ ਮਾਰਿਆ ਤਾਂ ਮੈੱਸ ’ਚ ਗੰਦਗੀ, ਸਬਜ਼ੀਆਂ ਵੀ ਗੰਦਗੀ ’ਚ ਰੱਖੀਆਂ ਹੋਈਆਂ ਸਨ ਤੇ ਸ਼ਰਾਬ ਦੀਆ ਬੋਤਲਾਂ ਵੀ ਮਿਲੀਆਂ। ਹਾਲਾਂਕਿ ਅਜਿਹਾ ਪਹਿਲੀ ਵਾਰ ਹੈ ਕਿ ਮੈੱਸ ’ਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪ੍ਰੋ. ਨੰਦਿਤਾ ਨੇ ਮਾਮਲੇ ’ਚ ਮੈੱਸ ਤੇ ਕੰਟੀਨ ਦੇ ਠੇਕੇਦਾਰਾਂ ਨੂੰ 1-1 ਹਜ਼ਾਰ ਰੁਪਏ ਜੁਰਮਾਨਾ ਲਾਇਆ। ਜੇਕਰ ਮਾਮਲਾ ਫਿਰ ਸਾਹਮਣੇ ਆਇਆ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ।

10 ਦਿਨਾਂ ਅੰਦਰ ਵਾਟਰ ਕੂਲਰ ਵੀ ਲਾਏ ਜਾਣਗੇ। ਫਾਰੈਂਸਿਕ ਸਾਇੰਸ ’ਚ ਮਾਸਟਰ ਕਰ ਰਹੇ ਵਿਦਿਆਰਥੀ ਤੇ ਸੀ. ਵਾਈ. ਐੱਸ. ਐੱਸ. ਦੇ ਕਾਰਕੁਨ ਚਿਰਾਗ ਦੁਹਨ ਤੇ ਸਾਥੀ ਪ੍ਰਭਨੂਰ ਸਿੰਘ ਬੇਦੀ ਨੇ ਹੋਸਟਲ ਨੰਬਰ 6 ਦੀ ਮੈਸ ਤੇ ਕੰਟੀਨ ’ਤੇ ਛਾਪਾ ਮਾਰਿਆ ਤੇ ਪਖਾਨੇ ਵੀ ਗੰਦੇ ਪਾਏ ਗਏ। ਚਿਰਾਗ ਨੇ ਦੱਸਿਆ ਕਿ 10 ਕਿੱਲੋ ਸੜੇ ਟਮਾਟਰ, 2 ਕਿੱਲੋ ਪੱਤਾ ਗੋਭੀ, 3 ਕਿੱਲੋ ਸ਼ਿਮਲਾ ਮਿਰਚ ਤੇ ਹੋਰ ਸਬਜ਼ੀਆਂ ਦੇ ਕ੍ਰੇਟ ਵੀ ਬਿਨਾਂ ਢੱਕੇ ਰੱਖੇ ਸਨ, ਜਿੱਥੇ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਵੀ ਮਿਲੀਆਂ। ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਮਾਮਲੇ ਦੀ ਸ਼ਿਕਾਇਤ ਡੀ. ਐੱਸ. ਡਬਲਿਊ. ਪ੍ਰੋ. ਨੰਦਿਤਾ ਸਿੰਘ ਨੂੰ ਦਿਤੀ।
ਕਮੇਟੀ ਬਣਾਉਣ, ਸਾਮਾਨ ਤੇ ਸਬਜ਼ੀਆਂ ਦੀ ਜਾਂਚ ਦੇ ਨਿਰਦੇਸ਼
ਕਾਰਵਾਈ ਕਰਦਿਆਂ ਪ੍ਰੋ. ਨੰਦਿਤਾ ਸਿੰਘ ਨੇ ਵਾਰਡਨ ਜੋਧ ਸਿੰਘ ਤੇ ਹੋਸਟਲ ਨੰ. 5 ਦੇ ਵਾਰਡਨ ਨੂੰ ਮੈਸ ’ਚ ਆ ਰਹੇ ਸਾਮਾਨ ਤੇ ਸਬਜ਼ੀਆਂ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਮਾਮਲੇ ’ਤੇ ਕਮੇਟੀ ਬਣਾ ਕੇ ਨਿਰੀਖਣ ਕਰਨ ਲਈ ਕਿਹਾ ਹੈ। ਗਰਮੀ ਵੱਧਣ ਤੇ ਵਿਦਿਆਰਥੀਆਂ ਦੀ ਸਿਹਤ-ਸੰਭਾਲ ਨੂੰ ਦੇਖਦਿਆਂ ਮੈਸ ਦਾ ਸਾਫ਼-ਸੁਥਰਾ ਤੇ ਪੌਸ਼ਟਿਕ ਭੋਜਨ ਮਿਲ ਸਕੇ। ਉਨ੍ਹਾਂ ਨੋਟਿਸ ਦਿੰਦਿਆਂ ਕਿਹਾ ਕਿ ਮੈਸ ’ਚ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਨਾਲ ਹੀ ਮੁਲਾਜ਼ਮਾਂ ਤੋਂ ਲਿਖਤ ’ਚ ਲਿਆ ਕਿ ਜੇਕਰ ਭਵਿੱਖ ’ਚ ਮੈਸ ’ਚ ਗੰਦਗੀ ਤੇ ਭਾਂਡਿਆਂ ਦੀ ਸਫ਼ਾਈ ਦੇ ਬਾਰੇ ਸ਼ਿਕਾਇਤ ਮਿਲੀ ਤਾਂ ਜ਼ਿੰਮੇਵਾਰ ਠੇਕਾ ਮੁਲਾਜ਼ਮ ਨੌਕਰੀ ਖ਼ੁਦ ਛੱਡਣਗੇ।
 


author

Babita

Content Editor

Related News