ਭਾਰਤ ਦੀ ਪੁਲਾੜ ’ਚ ਲੰਬੀ ਛਾਲ, ਪਹਿਲੇ ਹਾਈਬ੍ਰਿਡ ਰਾਕੇਟ 'RHUMI-1' ਦੀ ਲਾਂਚਿੰਗ ਸਫਲ
Sunday, Aug 25, 2024 - 08:42 AM (IST)
ਚੇਨਈ (ਯੂ. ਐੱਨ. ਆਈ.) - ਤਾਮਿਲਨਾਡੂ ’ਚ ਮੋਬਾਈਲ ਲਾਂਚਪੈਡ ਤੋਂ ਦੇਸ਼ ਦੇ ਪਹਿਲੇ ਮੁੜ ਵਰਤੋਂ ਯੋਗ (ਰੀਯੂਜ਼ਵਲ) ਹਾਈਬ੍ਰਿਡ ਰਾਕੇਟ ਰੂਮੀ ਨੂੰ ਸ਼ਨੀਵਾਰ ਸਵੇਰੇ ਸਫਲਤਾਪੂਰਵਕ ਲਾਂਚ ਕੀਤਾ ਗਿਆ। ਅੱਜ ਸਵੇਰੇ 07.07 ਵਜੇ 3 ਕਿਊਬ ਸੈਟੇਲਾਈਟ ਅਤੇ 50 ਪੀਕੋ ਸੈਟੇਲਾਈਟ ਲੈ ਕੇ ਰੂਮੀ ਰਾਕੇਟ ਦੀ ਲਾਂਚਿੰਗ ਈ. ਸੀ. ਆਰ. ’ਤੇ ਚੇਂਗਲਪੇਟ ਦੇ ਥਿਰੂਵਿੰਦਧਈ ਤੱਟਵਰਤੀ ਪਿੰਡ ਵਿਚ ਮੋਬਾਈਲ ਲਾਂਚ ਪੈਡ ਤੋਂ ਹੋਈ, ਜੋ ਭਾਰਤ ਦੀ ਪੁਲਾੜ ਖੋਜ ਯਾਤਰਾ ਵਿਚ ਇਕ ਸ਼ਾਨਦਾਰ ਪ੍ਰਾਪਤੀ ਹੈ।
ਇਸ ਮਿਸ਼ਨ ਰਾਹੀਂ ਕੰਪਨੀ ਤੋਂ ਮੋਬਾਈਲ ਲਾਂਚਪੈਡ ’ਤੇ ਭਾਰਤ ਦਾ ਪਹਿਲਾ ਮੁੜ ਵਰਤੋਂ ਯੋਗ ਹਾਈਬ੍ਰਿਡ ਰਾਕੇਟ ਲਾਂਚ ਕੀਤਾ, ਜੋ ਕਿ ਕੁਸ਼ਲਤਾ ਵਿਚ ਸੁਧਾਰ ਕਰਨ ਅਤੇ ਸੰਚਾਲਨ ਲਾਗਤਾਂ ਨੂੰ ਘਟਾਉਣ ਲਈ ਤਰਲ ਆਕਸੀਡਾਈਜ਼ਰ ਅਤੇ ਠੋਸ ਈਂਧਨ ਪ੍ਰੋਪੇਲੈਂਟ ਪ੍ਰਣਾਲੀਆਂ ਦੇ ਦੋਹਾਂ ਦੇ ਫਾਇਦਿਆਂ ਨੂੰ ਮਿਲਾ ਕੇ ਤਕਨਾਲੋਜੀ ਦੀ ਤਾਕਤ ਦੀ ਵਰਤੋਂ ਕਰੇਗਾ।
ਕੀ ਹੈ ਖਾਸੀਅਤ
3.5 ਮੀਟਰ ਲੰਬੇ ਅਤੇ 80 ਕਿਲੋਗ੍ਰਾਮ ਵਜ਼ਨ ਵਾਲੇ ਇਸ ਰਾਕੇਟ ਦਾ 70 ਫੀਸਦੀ ਹਿੱਸਾ ਮੁੜ ਵਰਤੋਂ ਯੋਗ ਹੈ। ਯਾਨੀ ਰਾਕੇਟ ਦਾ ਮੁੱਖ ਹਿੱਸਾ, ਸੈਟੇਲਾਈਟਾਂ ਵਾਲਾ ਰਾਕੇਟ ਦਾ ਅਗਲਾ ਹਿੱਸਾ ਸਫਲ ਲਾਂਚਿੰਗ ਤੋਂ ਬਾਅਦ ਫਿਰ ਤੋਂ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋ ਕੇ ਸਮੁੰਦਰ ਵਿਚ ਡਿੱਗ ਜਾਵੇਗਾ।
ਉੱਥੋਂ ਇਨ੍ਹਾਂ ਹਿੱਸਿਆਂ ਨੂੰ ਮੁੜ ਜੋੜ ਕੇ ਦੂਜੀ ਲਾਂਚਿੰਗ ਲਈ ਵਰਤਿਆ ਜਾ ਸਕੇਗਾ। ਇਸ ਨਾਲ ਭਵਿੱਖ ਵਿਚ ਲਾਂਚ ਦੀ ਲਾਗਤ ਵਿਚ ਭਾਰੀ ਕਮੀ ਆਏਗੀ। ਰੂਮੀ 1 ਰਾਕੇਟ 35 ਕਿਲੋਮੀਟਰ ਦੀ ਉਚਾਈ ਤੱਕ ਉਡਾਣ ਭਰ ਸਕਦਾ ਹੈ। ਕੰਪਨੀ ਰੂਮੀ 2 ਰਾਕੇਟ ਨੂੰ 250 ਕਿਲੋਗ੍ਰਾਮ ਭਾਰ ਦੇ ਨਾਲ 250 ਕਿਲੋਮੀਟਰ ਦੀ ਉਚਾਈ ਤੱਕ ਉਡਾਉਣ ’ਚ ਸਮਰੱਥ ਬਣਾਉਣ ਲਈ ਕੰਮ ਕਰ ਰਹੀ ਹੈ।