UPPCL ਦੀ ਵੱਡੀ ਸੌਗਾਤ! ਬਿਜਲੀ ਬਿੱਲ ਮੁਆਫੀ ਯੋਜਨਾ 1 ਦਸੰਬਰ ਤੋਂ ਸ਼ੁਰੂ, ਮੂਲਧਨ ''ਤੇ ਵੀ 25 ਫੀਸਦੀ ਛੂਟ
Thursday, Nov 13, 2025 - 02:17 PM (IST)
ਵੈੱਬ ਡੈਸਕ : ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (UPPCL) ਲੰਬੇ ਸਮੇਂ ਤੋਂ ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਬਿਜਲੀ ਬਿੱਲ ਰਾਹਤ ਯੋਜਨਾ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ 'ਨੇਵਰ ਪੇਡ' ਅਤੇ 'ਲਾਂਗ ਅਨਪੇਡ' ਖਪਤਕਾਰਾਂ ਲਈ ਸੁਨਹਿਰੀ ਮੌਕਾ ਦੱਸਿਆ ਗਿਆ ਹੈ।
ਪੂਰਾ ਵਿਆਜ ਮੁਆਫ਼ ਤੇ 25 ਫੀਸਦੀ ਛੂਟ
ਇਸ ਯੋਜਨਾ ਤਹਿਤ, ਜੇਕਰ ਖਪਤਕਾਰ ਆਪਣਾ ਪੂਰਾ ਬਕਾਇਆ ਇੱਕੋ ਵਾਰ ਜਮ੍ਹਾ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਬਕਾਏ 'ਤੇ ਲੱਗਣ ਵਾਲਾ ਪੂਰਾ ਵਿਆਜ (ਸਰਚਾਰਜ) ਮਾਫ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਬਿੱਲ ਦੇ ਮੂਲਧਨ (Principal amount) ਵਿੱਚ ਵੀ 25 ਫੀਸਦੀ ਤੱਕ ਦੀ ਛੂਟ ਮਿਲੇਗੀ।
ਤਿੰਨ ਪੜਾਵਾਂ 'ਚ ਮਿਲੇਗਾ ਲਾਭ
ਇਹ ਯੋਜਨਾ ਤਿੰਨ ਪੜਾਵਾਂ 'ਚ ਲਾਗੂ ਕੀਤੀ ਜਾਵੇਗੀ। ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਖਪਤਕਾਰ ਪਹਿਲੇ ਪੜਾਅ 'ਚ ਜੁੜ ਕੇ ਜ਼ਿਆਦਾ ਰਾਹਤ ਪ੍ਰਾਪਤ ਕਰਨ:
1. ਪਹਿਲਾ ਪੜਾਅ : 1 ਤੋਂ 31 ਦਸੰਬਰ 2025 ਤੱਕ, ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਮੂਲਧਨ 'ਚ 25 ਫੀਸਦੀ ਤੱਕ ਦੀ ਛੂਟ ਮਿਲੇਗੀ।
2. ਦੂਜਾ ਪੜਾਅ : 1 ਤੋਂ 31 ਜਨਵਰੀ 2026 ਤੱਕ, 20 ਫੀਸਦੀ ਛੂਟ ਦਾ ਲਾਭ ਮਿਲੇਗਾ।
3. ਤੀਜਾ ਪੜਾਅ : 1 ਤੋਂ 28 ਫਰਵਰੀ 2026 ਤੱਕ, 15 ਫੀਸਦੀ ਛੂਟ ਮਿਲੇਗੀ।
ਕਿਸ 'ਤੇ ਲਾਗੂ ਹੋਵੇਗੀ ਯੋਜਨਾ?
ਇਹ ਯੋਜਨਾ ਦੋ ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਅਤੇ ਇੱਕ ਕਿਲੋਵਾਟ ਤੱਕ ਦੇ ਵਪਾਰਕ ਖਪਤਕਾਰਾਂ 'ਤੇ ਲਾਗੂ ਹੋਵੇਗੀ। ਖਾਸ ਗੱਲ ਇਹ ਹੈ ਕਿ ਜੇਕਰ ਕਿਸੇ ਖਪਤਕਾਰ 'ਤੇ ਤਕਨੀਕੀ ਗਲਤੀ ਜਾਂ ਮੀਟਰ ਖਰਾਬੀ ਕਾਰਨ ਬਿਜਲੀ ਚੋਰੀ ਦਾ ਮਾਮਲਾ ਬਣਿਆ ਹੈ ਤਾਂ ਉਹ ਵੀ ਇਸ ਯੋਜਨਾ ਤਹਿਤ ਛੂਟ ਦਾ ਲਾਭ ਲੈ ਸਕੇਗਾ।
ਰਜਿਸਟ੍ਰੇਸ਼ਨ ਤੇ ਕਿਸ਼ਤਾਂ ਦੀ ਸਹੂਲਤ :
ਖਪਤਕਾਰ ਵਿਭਾਗੀ ਵੈੱਬਸਾਈਟ, ਜਨ ਸੇਵਾ ਕੇਂਦਰ, ਖੰਡ ਜਾਂ ਉਪਖੰਡ ਦਫ਼ਤਰਾਂ ਅਤੇ ਵਿਭਾਗੀ ਕੈਸ਼ ਕਾਊਂਟਰਾਂ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਗਰੀਬ ਤੇ ਮੱਧਵਰਗੀ ਪਰਿਵਾਰਾਂ ਨੂੰ ਧਿਆਨ 'ਚ ਰੱਖਦੇ ਹੋਏ, ਬਕਾਇਆ ਭੁਗਤਾਨ ਮਾਸਿਕ ਕਿਸ਼ਤਾਂ 'ਚ ਜਮ੍ਹਾ ਕਰਵਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ।
