ਇਜ਼ਰਾਈਲ ਨੇ ਲੱਭੀ ਹਮਾਸ ਦੀ 7Km ਲੰਬੀ ਸੁਰੰਗ, ਗਾਜ਼ਾ ’ਚ ਜ਼ਮੀਨ ਹੇਠਾਂ ਵਸਿਆ ਪੂਰਾ ‘ਪਿੰਡ’
Saturday, Nov 22, 2025 - 02:47 AM (IST)
ਤੇਲ ਅਵੀਵ - ਗਾਜ਼ਾ ’ਚ ਜੰਗਬੰਦੀ ਤੋਂ ਬਾਅਦ ਵੀ ਇਜ਼ਰਾਈਲ ਦੀ ਆਰਮੀ ਲਗਾਤਾਰ ਆਪਣੇ ਆਪ੍ਰੇਸ਼ਨ ਚਲਾ ਰਹੀ ਹੈ। ਇਜ਼ਰਾਈਲੀ ਆਰਮੀ ਨੇ ਨੇਰਫਾ ’ਚ ਹਮਾਸ ਦੀ ਇਕ ਵੱਡੀ ਸੁਰੰਗ ਲੱਭਣ ਦਾ ਦਾਅਵਾ ਕੀਤਾ ਹੈ। ਇਹ ਸੁਰੰਗ ਸ਼ਰਣਾਰਥੀਆਂ ਦੇ ਕੈਂਪ, ਹਸਪਤਾਲ ਅਤੇ ਸਕੂਲ ਦੇ ਥੱਲਿਓਂ ਲੰਘਦੀ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਦਾ ਕਹਿਣਾ ਹੈ ਕਿ ਇਸ ਸੁਰੰਗ ’ਚ ਹਮਾਸ ਨੇ ਉਨ੍ਹਾਂ ਦੇ ਲੈਫਟੀਨੈਂਟ ਹਦਾਰ ਗੋਲਡਿਨ ਦੀ ਲਾਸ਼ ਰੱਖੀ ਹੋਈ ਸੀ।
ਗੋਲਡਿਨ 2014 ਦੀ ਇਜ਼ਰਾਈਲ-ਹਮਾਸ ਜੰਗ ਦੌਰਾਨ ਮਾਰਿਆ ਗਿਆ ਸੀ। ਸਮਝੌਤੇ ਤਹਿਤ ਇਸ ਮਹੀਨੇ ਹਮਾਸ ਨੇ ਗੋਲਡਿਨ ਦੀ ਲਾਸ਼ ਇਜ਼ਰਾਈਲ ਨੂੰ ਸੌਂਪੀ ਹੈ। ਆਈ. ਡੀ. ਐੱਫ. ਨੇ ਇਕ ਸੁਰੰਗ ਦੀ ਵੀਡੀਓ ਆਪਣੇ ‘ਐਕਸ’ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇਜ਼ਰਾਈਲੀ ਆਰਮੀ ਨੇ ਲਿਖਿਆ ਕਿ 7 ਕਿਲੋਮੀਟਰ ਤੋਂ ਲੰਬੇ ਹਮਾਸ ਦੇ ਟਨਲ ਨੈੱਟਵਰਕ ਨੂੰ ਅਸੀਂ ਐਕਸਪੋਜ਼ਡ ਕਰ ਦਿੱਤਾ ਹੈ।
ਆਈ. ਡੀ. ਐੱਫ. ਨੇ ਕਿਹਾ ਹੈ ਕਿ ਉਸਦੇ ਫੌਜੀਆਂ ਨੇ ਗਾਜ਼ਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮੁਸ਼ਕਿਲ ਅੰਡਰਗਰਾਊਂਡ ਰਸਤਿਆਂ (ਸੁਰੰਗ) ’ਚੋਂ ਇਕ ਦਾ ਪਤਾ ਲਾਇਆ ਹੈ। ਇਹ ਸੁਰੰਗ 7 ਕਿ. ਮੀ. ਤੋਂ ਵੱਧ ਲੰਬੀ ਅਤੇ 25 ਮੀਟਰ ਡੂੰਘੀ ਹੈ। ਇਸ ’ਚ ਰੁਕਣ ਲਈ 80 ਕਮਰਿਆਂ ਵਰਗੀ ਜਗ੍ਹਾ ਬਣੀ ਹੋਈ ਹੈ। ਸੁਰੰਗ ’ਚ ਟਾਇਲੈੱਟ ਅਤੇ ਹੋਰ ਸਹੂਲਤਾਂ ਵੀ ਮੌਜੂਦ ਹਨ। ਨਾਲ ਹੀ ਇਸ ’ਚ ਹਥਿਆਰ ਰੱਖਣ ਲਈ ਜਗ੍ਹਾ ਬਣੀ ਹੋਈ ਹੈ। ਇਜ਼ਰਾਈਲੀ ਆਰਮੀ ਦਾ ਦਾਅਵਾ ਹੈ ਕਿ ਇਹ ਟਨਲ ਰਫਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਹੇਠੋਂ ਲੰਘਦੀ ਹੈ। ਇਸ ਦੇ ਉਪਰ ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਕੰਪਾਊਂਡ, ਮਸਜਿਦ, ਕਲੀਨਿਕ, ਕਿੰਡਰਗਾਰਟਨ ਅਤੇ ਸਕੂਲ ਹਨ।
