ਸੀਰੀਆ ਦੀ ਰਾਜਧਾਨੀ ’ਚ ਰਾਕੇਟ ਹਮਲਾ, 1 ਜ਼ਖਮੀ
Sunday, Nov 16, 2025 - 01:14 AM (IST)
ਦਮਿਸ਼ਕ (ਭਾਸ਼ਾ) – ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਸ਼ੁੱਕਰਵਾਰ ਰਾਤ ਨੂੰ ਇਕ ਮਕਾਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗੇ ਗਏ, ਜਿਸ ਵਿਚ ਇਕ ਔਰਤ ਜ਼ਖਮੀ ਹੋ ਗਈ ਅਤੇ ਕਾਫੀ ਨੁਕਸਾਨ ਹੋਇਆ। ਸਰਕਾਰੀ ਮੀਡੀਆ ਨੇ ਇਸ ਸਬੰਧੀ ਖਬਰ ਦਿੱਤੀ।
ਦਮਿਸ਼ਕ ਦੇ ਪੱਛਮੀ ਇਲਾਕੇ ਮਾਜੇਹ 86 ’ਚ ਹੋਏ ਰਾਕੇਟ ਹਮਲੇ ਦੇ ਪਿੱਛੇ ਕਿਸ ਦਾ ਹੱਥ ਸੀ, ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ। ਸੁਰੱਖਿਆ ਫੋਰਸਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਕਿਸੇ ਨੂੰ ਵੀ ਉਸ ਇਮਾਰਤ ਦੇ ਨੇੜੇ ਜਾਣ ਦੀ ਮਨਜ਼ੂਰੀ ਨਹੀਂ ਹੈ।
ਸਰਕਾਰੀ ਟੈਲੀਵਿਜ਼ਨ ਅਨੁਸਾਰ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿਚ ਇਕ ਔਰਤ ਜ਼ਖਮੀ ਹੋ ਗਈ। ਸੁਰੱਖਿਆ ਫੋਰਸਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਰਕਾਰੀ ਖਬਰ ਏਜੰਸੀ ‘ਸਨਾ’ ਨੇ ਵੀ ਖਬਰ ਦਿੱਤੀ ਕਿ ਸ਼ੁੱਕਰਵਾਰ ਰਾਤ ਨੂੰ ਹੋਏ ਧਮਾਕੇ ਵਿਚ ਇਕ ਔਰਤ ਜ਼ਖਮੀ ਹੋ ਗਈ। ਇਹ ਧਮਾਕਾ ਇਕ ਮੋਬਾਈਲ ਲਾਂਚਰ ’ਚੋਂ ਦਾਗੇ ਗਏ ਰਾਕੇਟਾਂ ਕਾਰਨ ਹੋਇਆ। ਸੀਰੀਆ ਦੀ ਰਾਜਧਾਨੀ ਵਿਚ ਅਜਿਹੀਆਂ ਘਟਨਾਵਾਂ ਆਮ ਹਨ ਪਰ ਪਿਛਲੇ ਕੁਝ ਮਹੀਨਿਆਂ ਵਿਚ ਇਨ੍ਹਾਂ ’ਚ ਕਮੀ ਆਈ ਹੈ।
