ਜਿਨ੍ਹਾਂ ਇਲਾਕਿਆਂ ''ਚ ਕੋਰੋਨਾ ਦਾ ਪ੍ਰਭਾਵ ਘੱਟ, ਉਥੇ ਹੋਵੇ ਸੜਕ ਨਿਰਮਾਣ ਸ਼ੁਰੂ
Thursday, Apr 09, 2020 - 08:28 PM (IST)
ਨਵੀਂ ਦਿੱਲੀ– ਲਾਕਡਾਊਨ ਨਾਲ ਰੁਕੇ ਦੇਸ਼ ਵਿਚ ਆਰਥਿਕ ਸਰਗਰਮੀਆਂ ਨੂੰ ਗਤੀ ਦੇਣ ਲਈ ਸਰਕਾਰ 15 ਅਪ੍ਰੈਲ ਤੋਂ ਬਾਅਦ ਰਾਜਮਾਰਗਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਦੇ ਸਕਦੀ ਹੈ। ਪਿਛਲੇ ਦਿਨੀਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਵੱਡੇ ਰਾਜਮਾਰਗ ਪ੍ਰਾਜੈਕਟ ਫਿਰ ਤੋਂ ਸ਼ੁਰੂ ਕਰਨ ਲਈ ਸੰਭਾਵਨਾਵਾਂ ਤਲਾਸ਼ਣ ਖਾਸ ਤੌਰ ’ਤੇ ਉਨ੍ਹਾਂ ਥਾਵਾਂ ’ਤੇ ਜਿੱਥੇ ਮਜ਼ਦੂਰ ਅਜੇ ਵੀ ਉਪਲਬਧ ਹਨ। ਮੀਟਿੰਗ ਵਿਚ ਸ਼ਾਮਲ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਰਾਜਮਾਰਗਾਂ ਦਾ ਕੰਮ ਸ਼ੁਰੂ ਕਰਨ ਦੀ ਆਗਿਆ ਸਰਕਾਰ ਤੋਂ ਮਿਲਦੀ ਹੈ ਤਾਂ ਦੁਆਰਕਾ ਐਕਸਪ੍ਰੈੱਸ ਦਾ ਕੰਮ ਫਿਰ ਤੋਂ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਕੁਝ ਪਾਬੰਦੀਆਂ ਦਾ ਧਿਆਨ ਰੱਖਿਆ ਜਾਵੇਗਾ।
ਵੀਡੀਓ ਕਾਨਫਰੰਸਿੰਗ ਜ਼ਰੀਏ ਅਧਿਕਾਰੀਆਂ ਨਾਲ ਗੱਲਬਾਤ ਵਿਚ ਗਡਕਰੀ ਨੇ ਸੰਕੇਤ ਦਿੱਤਾ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਉਠਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਗਡਕਰੀ ਨੇ ਪ੍ਰਧਾਨ ਮੰਤਰੀ ਨੂੰ ਦਲੀਲ ਦਿੱਤੀ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦਾ ਪ੍ਰਭਾਵ ਨਹੀਂ ਹੈ, ਉਥੇ ਨਿਰਮਾਣ ਕਾਰਜਾਂ ’ਤੇ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।