ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਨਵਾਂ ਫਰਮਾਨ
Monday, Oct 11, 2021 - 07:34 PM (IST)
ਨਵੀਂ ਦਿੱਲੀ (ਭਾਸ਼ਾ) : ਕੈਨੇਡਾ ਸਰਕਾਰ ਨੇ ਆਪਣੇ ਇਥੇ ਆਉਣ ਵਾਲੇ ਯਾਤਰੀਆਂ ਲਈ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜੇਨੇਸਟ੍ਰਿੰਗਜ਼ ਡਾਇਗਨੋਸਟਿਕ ਸੈਂਟਰ ਦੀ ਲੈਬਾਰਟਰੀ ਨੂੰ ਭਾਰਤ ’ਚ ਇਕੋ-ਇਕ ਕੋਰੋਨਾ ਚੈੱਕਅਪ ਕੇਂਦਰ ਨਿਯੁਕਤ ਕੀਤਾ ਹੈ। ਸੋਮਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਨੇਡਾ ’ਚ ਦਾਖਲ ਹੋਣ ਵਾਲੇ ਅਤੇ ਭਾਰਤ ਤੋਂ ਸਿੱਧੀਆਂ ਉਡਾਣਾਂ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਰਵਾਨਗੀ ਤੋਂ ਪਹਿਲਾਂ ਜੇਨੇਸਟ੍ਰਿੰਗਜ਼ ਲੈਬਾਰਟਰੀ ਤੋਂ ਕੋਵਿਡ ਟੈਸਟ ਕਰਵਾਉਣਾ ਹੋਵੇਗਾ। ਇਹ ਲੈਬਾਰਟਰੀ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰਪੋਰਟ ਕਨੈਕਟ ਬਿਲਡਿੰਗ (ਏ. ਸੀ. ਬੀ.) ਦੇ ਮੈਟਰੋ ਸਟੇਸ਼ਨ ਦੇ ਉੱਪਰ ਸਥਿਤ ਹੈ। ਇਸ ’ਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਨਿਰਧਾਰਤ ਰਵਾਨਗੀ ਦੇ ਸਮੇਂ ਤੋਂ 18 ਘੰਟਿਆਂ ਦੇ ਅੰਦਰ ਉਸ ਕੇਂਦਰ ’ਚ ਜਾਂਚ ਕੀਤੀ ਜਾਏਗੀ ਅਤੇ ਟੈਸਟ ਰਿਪੋਰਟ ਦੇ ਨਾਲ ਇਕ 'ਕਿਊਆਰ ਕੋਡ' ਵੀ ਦਿੱਤਾ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ ਕਿ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ 'ਕਿਊਆਰ ਕੋਡ' ਦਿਖਾਉਣਾ ਹੋਵੇਗਾ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ਼, ਫਿਰੋਜ਼ਪੁਰ ਦੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
ਕੈਨੇਡਾ ਨੇ 27 ਸਤੰਬਰ ਨੂੰ ਭਾਰਤ ਤੋਂ ਯਾਤਰੀ ਉਡਾਣਾਂ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਏਅਰ ਕੈਨੇਡਾ ਇਸ ਵੇਲੇ ਦਿੱਲੀ ਏਅਰਪੋਰਟ ਤੋਂ ਰੋਜ਼ਾਨਾ ਦੋ-ਚਾਰ ਉਡਾਣਾਂ ਚਲਾ ਰਹੀ ਹੈ। ਵਰਤਮਾਨ ’ਚ ਕੈਨੇਡਾ ਲਈ ਉਡਾਣਾਂ ਸਿਰਫ ਦਿੱਲੀ ਤੋਂ ਹੀ ਭਾਰਤ ’ਚ ਚਲਾਈਆਂ ਜਾ ਰਹੀਆਂ ਹਨ। ਜੇਨੇਸਟ੍ਰਿੰਗਜ਼ ਡਾਇਗਨੋਸਟਿਕ ਸੈਂਟਰ ਦੀ ਸੰਸਥਾਪਕ-ਨਿਰਦੇਸ਼ਕ ਡਾ. ਗੌਰੀ ਅਗਰਵਾਲ ਨੇ ਕਿਹਾ, “ਕੈਨੇਡੀਅਨ ਸਿਹਤ ਏਜੰਸੀ ਵੱਲੋਂ ਸਾਡੀ ਲੈਬਾਰਟਰੀ ’ਚ ਦਿਖਾਇਆ ਗਿਆ ਭਰੋਸਾ ਗੁਣਵੱਤਾ ਦੀ ਜਾਂਚ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਦੀ ਸਾਡੀ ਵਚਨਬੱਧਤਾ ਦਾ ਸਬੂਤ ਹੈ ਅਤੇ ਸਾਨੂੰ ਸੱਚਮੁੱਚ ਆਪਣੀ ਟੀਮ ’ਤੇ ਮਾਣ ਹੈ, ਜੋ ਲਗਾਤਾਰ ਕੰਮ ਕਰਦੀ ਹੈ।’’