ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ

Saturday, Jul 30, 2022 - 10:05 AM (IST)

ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਹਵਾਈ ਫੌਜ ਨੇ ਆਪਣੇ ਬੇੜੇ ’ਚ ਬਾਕੀ ਰਹਿੰਦੇ 4 ਮਿਗ-21 ਲੜਾਕੂ ਸਕੁਐਡਰਨ ਨੂੰ ਪੜਾਅਵਾਰ ਹਟਾਉਣ ਲਈ ਅਗਲੇ 3 ਸਾਲਾਂ ਦੀ ਸਮਾਂ ਹੱਦ ਤੈਅ ਕੀਤੀ ਹੈ। ਇਸ ਗਤੀਵਿਧੀ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਸਕੁਐਡਰਨ ਨੂੰ ਇਸ ਸਾਲ ਸਤੰਬਰ ’ਚ ਵਾਪਸ ਲੈਣ ਦੀ ਉਮੀਦ ਹੈ। ਹਵਾਈ ਫੌਜ ਅਗਲੇ 5 ਸਾਲਾਂ ’ਚ ਮਿਗ-29 ਲੜਾਕੂ ਜਹਾਜ਼ਾਂ ਦੇ 3 ਸਕੁਐਡਰਨ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹ ਇਹ ਵੀ ਕਿਹਾ ਕਿ ਸੋਵੀਅਤ ਮੂਲ ਦੇ ਜਹਾਜ਼ਾਂ ਦੇ ਬੇੜੇ ਨੂੰ ਪੜਾਅਵਾਰ ਬਾਹਰ ਕਰਨ ਦੀ ਯੋਜਨਾ ਭਾਰਤੀ ਹਵਾਈ ਫੌਜ ਦੇ ਆਧੁਨਿਕੀਕਰਨ ਦੀ ਮੁਹਿੰਮ ਦਾ ਹਿੱਸਾ ਹੈ ਅਤੇ ਇਸ ਕਦਮ ਦਾ ਬੀਤੀ ਰਾਤ ਰਾਜਸਥਾਨ ਦੇ ਬਾੜਮੇਰ ’ਚ ਮਿਗ-21 ਦੇ ਹਾਦਸੇ ਨਾਲ ਕੋਈ ਸਬੰਧ ਨਹੀਂ ਹੈ। ਜਹਾਜ਼ 'ਚ ਸਵਾਰ ਵਿੰਗ ਕਮਾਂਡਰ ਐੱਮ. ਰਾਣਾ ਅਤੇ ਫਲਾਈਟ ਲੈਫਟੀਨੈਂਟ ਅਦਵਿਤੀਯ ਬਲ ਦੀ ਇਸ ਹਾਦਸੇ 'ਚ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਪੁਰਾਣੇ ਹੋ ਚੁਕੇ ਮਿਗ ਜਹਾਜ਼ ਇਕ ਵਾਰ ਮੁੜ ਚਰਚਾ 'ਚ ਹਨ। ਘਟਨਾਕ੍ਰਮ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ 2025 ਤੱਕ ਮਿਗ-21 ਦੇ ਚਾਰ ਸਕੁਐਡਰਨ ਨੂੰ ਬੇੜੇ ਤੋਂ ਹਟਾਉਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਹਵਾਈ ਫ਼ੌਜ ਨੇ ਮਿਗ-21 ਹਾਦਸੇ 'ਚ ਜਾਨ ਗੁਆਉਣ ਵਾਲੇ ਪਾਇਲਟਾਂ ਦੇ ਨਾਮ ਕੀਤੇ ਜਾਰੀ

ਸ਼੍ਰੀਨਗਰ ਸਥਿਤ ਸਕੁਐਡਰਨ ਨੰਬਰ 51 ਲਈ 30 ਸਤੰਬਰ ਦੀ 'ਨੰਬਰ ਪਲੇਟ' ਤਿਆਰ ਹੋਵੇਗੀ। 'ਨੰਬਰ ਪਲੇਟ' ਦਾ ਸੰਦਰਭ ਇਕ ਸਕੁਐਡਰਨ ਨੂੰ ਹਟਾਏ ਜਾਣ ਨਾਲ ਹੁੰਦਾ ਹੈ। ਇਕ ਸਕੁਐਡਰਨ 'ਚ ਆਮ ਤੌਰ 'ਤੇ 17-20 ਜਹਾਜ਼ ਹੁੰਦੇ ਹਨ। ਇਸ ਸਕੁਐਡਰਨ ਨੂੰ 'ਸੋਰਡਆਰਮਜ਼' ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਹ 1999 ਦੇ ਕਾਰਗਿਲ ਯੁੱਧ ਦੌਰਾਨ 'ਆਪਰੇਸ਼ਨ ਸਫੇਦ ਸਾਗਰ' ਤੋਂ ਇਲਾਵਾ ਭਾਰਤ ਵਲੋਂ ਕੀਤੇ ਗਏ ਬਾਲਾਕੋਟ ਹਵਾਈ ਹਮਲੇ ਦੇ ਇਕ ਦਿਨ ਬਾਅਦ ਪਾਕਿਸਤਾਨ ਵਲੋਂ 27 ਫਰਵਰੀ 2019 ਨੂੰ ਕੀਤੀ ਗਈ ਜਵਾਬੀ ਕਾਰਵਾਈ ਖ਼ਿਲਾਫ਼ ਮੁਹਿੰਮ 'ਚ ਵੀ ਸ਼ਾਮਲ ਸੀ। ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਸਕੁਐਡਰਨ ਨੰਬਰ 51 ਤੋਂ ਹੀ ਸਨ ਅਤੇ ਉਨ੍ਹਾਂ ਨੇ ਹਵਾਈ ਝੜਪ ਦੌਰਾਨ ਦੁਸ਼ਮਣ ਦੇ ਇਕ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਲਈ ਉਨ੍ਹਾਂ ਨੂੰ 'ਵੀਰ ਚੱਕਰ' ਨਾਲ ਸਨਮਾਨਤ ਕੀਤਾ ਸੀ। ਅਭਿਨੰਦਨ ਹੁਣ ਗਰੁੱਪ ਕੈਪਟਨ ਹਨ। ਭਾਰਤੀ ਹਵਾਈ ਸੈਨਾ ਦੇ ਬੇੜੇ ਵਿਚ ਇਸ ਸਮੇਂ ਲਗਭਗ 70 ਮਿਗ-21 ਲੜਾਕੂ ਜਹਾਜ਼ ਅਤੇ 50 ਮਿਗ-29 ਜਹਾਜ਼ ਹਨ। ਮਿਗ-21 ਲੰਬੇ ਸਮੇਂ ਤੋਂ ਭਾਰਤੀ ਹਵਾਈ ਸੈਨਾ ਦਾ ਮੁੱਖ ਲੜਾਕੂ ਜਹਾਜ਼ ਰਿਹਾ ਹੈ। ਹਾਲਾਂਕਿ, ਜਹਾਜ਼ ਦਾ ਹਾਲ ਹੀ ਦਾ ਸੁਰੱਖਿਆ ਰਿਕਾਰਡ ਬਹੁਤ ਮਾੜਾ ਰਿਹਾ ਹੈ। ਮਿਗ ਜਹਾਜ਼ 1963 ਤੋਂ ਹਵਾਈ ਸੈਨਾ ਦੇ ਬੇੜੇ ਵਿਚ ਹਨ।

ਇਹ ਵੀ ਪੜ੍ਹੋ : ਪਤੀ ਨਾਲ ਘੁੰਮਣ ਗਈ ਪਤਨੀ ਅਚਾਨਕ ਹੋਈ ਗ਼ਾਇਬ, ਲੱਭਣ 'ਚ ਲੱਗੇ ਇਕ ਕਰੋੜ, ਫਿਰ ਪ੍ਰੇਮੀ ਨਾਲ ਮਿਲੀ


author

DIsha

Content Editor

Related News