ਮੈਂ ਹਿੰਦੂ ਹਾਂ, ਭਾਜਪਾ ਦੇ ਸਰਟੀਫਿਕੇਟ ਦੀ ਲੋੜ ਨਹੀਂ : ਸ਼ੁਭੇਂਦੂ ’ਤੇ ਵਰ੍ਹੀ ਮਮਤਾ ਬੈਨਰਜੀ
Thursday, Mar 13, 2025 - 10:22 AM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੀ ਟਿੱਪਣੀ ਦੀ ਆਲੋਚਨਾ ਕੀਤੀ। ਉਨ੍ਹਾਂ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਜੋ ਆਰਥਿਕ ਅਤੇ ਵਪਾਰਕ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਸਕੇ।
ਵਿਧਾਨ ਸਭਾ ’ਚ ਬੋਲਦਿਆਂ ਸੀ. ਐੱਮ. ਬੈਨਰਜੀ ਨੇ ਕਿਹਾ ਕਿ ਲੋਕਤੰਤਰ ਸਥਾਈ ਹੈ, ਕੁਰਸੀ ਨਹੀਂ। ਕੁਰਸੀ ਦਾ ਸਨਮਾਨ ਕਰੋ। ਤੁਸੀਂ ਮੁਸਲਮਾਨ ਵਿਧਾਇਕਾਂ ਨੂੰ ਬਾਹਰ ਕੱਢਣ ਬਾਰੇ ਕਿਵੇਂ ਸੋਚ ਸਕਦੇ ਹੋ? ਉਹ (ਭਾਜਪਾ) ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿਉਂਕਿ ਇਹ ਰੋਜ਼ੇ ਦਾ ਮਹੀਨਾ ਹੈ ਅਤੇ ਉਨ੍ਹਾਂ ਨੂੰ ਇਹ ਪਸੰਦ ਨਹੀਂ ਹੈ। ਉਹ ਫਿਰਕੂ ਬਿਆਨ ਦੇ ਕੇ ਦੇਸ਼ ਦਾ ਧਿਆਨ ਆਰਥਿਕ ਅਤੇ ਵਪਾਰਕ ਪਤਨ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਇਕ ਹਿੰਦੂ ਹਾਂ ਤੇ ਮੈਨੂੰ ਭਾਜਪਾ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਸ਼ੁਭੇਂਦੂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਅਤੇ ਇਕ ਧਰਮ ਨੂੰ ਨੀਵਾਂ ਦਿਖਾਉਣ ਵਾਲੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ। ਪੱਛਮੀ ਬੰਗਾਲ ਦੀ ਸੀ. ਐੱਮ. ਨੇ ਕਿਹਾ ਕਿ ਹਿੰਦੂਆਂ ਦੀ ਸੁਰੱਖਿਆ ਸਾਡੀ ਵੀ ਜ਼ਿੰਮੇਵਾਰੀ ਹੈ, ਸਿਰਫ ਤੁਹਾਡੀ ਨਹੀਂ। ਇਹ ਇਸ ਕੁਰਸੀ ਦੀ ਜ਼ਿੰਮੇਵਾਰੀ ਹੈ। ਇਹ ਟਿੱਪਣੀਆਂ ਸੂਬੇ ਵਿਚ ਚੱਲ ਰਹੇ ਸਿਆਸੀ ਤਣਾਅ ਦੌਰਾਨ ਆਈਆਂ ਹਨ, ਜਿਸ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਧਾਰਮਿਕ ਅਤੇ ਸ਼ਾਸਨ ਸਬੰਧੀ ਮੁੱਦਿਆਂ ’ਤੇ ਤਿੱਖੀ ਬਹਿਸ ਵਿਚ ਉਲਝੇ ਹੋਏ ਹਨ।
ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੈਂ ਬਿਮਾਨ ਬੰਧੋਪਾਧਿਆਏ (ਸਪੀਕਰ) ਨੂੰ ਹਰਾਵਾਂਗਾ, ਫਿਰ ਮਮਤਾ ਬੈਨਰਜੀ ਨੂੰ। ਉਸ ਤੋਂ ਬਾਅਦ ਜਦੋਂ ਭਾਜਪਾ ਸਰਕਾਰ ਆਏਗੀ ਤਾਂ ਤ੍ਰਿਣਮੂਲ ਦੇ ਮੁਸਲਮਾਨ ਵਿਧਾਇਕਾਂ ਨੂੰ ਸੜਕ ’ਤੇ ਸੁੱਟ ਦਿੱਤਾ ਜਾਏਗਾ।