ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ

Friday, Dec 19, 2025 - 06:26 PM (IST)

ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ

ਢਾਕਾ/ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਖਿਲਾਫ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲੇ ਵਿੱਚ ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਭਾਈਚਾਰੇ ਦੇ ਇੱਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ। ਇਹ ਘਟਨਾ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਵਿਰੁੱਧ ਵਧ ਰਹੀ ਹਿੰਸਾ ਦੀ ਇੱਕ ਹੋਰ ਦੁਖਦ ਕੜੀ ਹੈ।

ਕੌਣ ਸੀ ਮ੍ਰਿਤਕ?
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਦੀਪੂ ਚੰਦਰ ਦਾਸ (25) ਵਜੋਂ ਹੋਈ ਹੈ, ਜੋ ਮੈਮਨਸਿੰਘ ਸ਼ਹਿਰ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਸ ਅਨੁਸਾਰ, ਵੀਰਵਾਰ ਰਾਤ ਨੂੰ ਫੈਕਟਰੀ ਦੇ ਬਾਹਰ ਭੜਕੀ ਹੋਈ ਭੀੜ ਨੇ ਦੀਪੂ 'ਤੇ ਈਸ਼ਨਿੰਦਾ ਦੇ ਦੋਸ਼ ਲਗਾਉਂਦੇ ਹੋਏ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਇੱਕ ਦਰੱਖਤ ਨਾਲ ਲਟਕਾ ਦਿੱਤਾ। ਭਾਲੁਕਾ ਮਾਡਲ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਲਾਸ਼ ਨੂੰ ਢਾਕਾ-ਮੈਮਨਸਿੰਘ ਹਾਈਵੇਅ ਦੇ ਕਿਨਾਰੇ ਸੁੱਟ ਦਿੱਤਾ ਅਤੇ ਅੱਗ ਲਗਾ ਦਿੱਤੀ, ਜਿਸ ਕਾਰਨ ਹਾਈਵੇਅ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸਰਕਾਰ ਦੀ ਸਖ਼ਤ ਚਿਤਾਵਨੀ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਸ ਘਿਨਾਉਣੇ ਅਪਰਾਧ ਦੀ ਸਖ਼ਤ ਨਿੰਦਾ ਕੀਤੀ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ "ਨਵੇਂ ਬੰਗਲਾਦੇਸ਼" ਵਿੱਚ ਅਜਿਹੀ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਨੇ ਨਾਗਰਿਕਾਂ ਨੂੰ ਹਿੰਸਾ, ਉਕਸਾਵੇ ਅਤੇ ਨਫ਼ਰਤ ਨੂੰ ਤਿਆਗਣ ਦੀ ਅਪੀਲ ਕੀਤੀ ਹੈ।

ਤਣਾਅਪੂਰਨ ਮਾਹੌਲ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ ਹੈ ਅਤੇ ਪੁਲਸ ਸਥਿਤੀ ਨੂੰ ਕਾਬੂ ਹੇਠ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਸ਼ੇਖ ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਦੂ ਆਬਾਦੀ ਅਤੇ ਹੋਰ ਘੱਟ ਗਿਣਤੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।


author

Baljit Singh

Content Editor

Related News