ਹੈਦਰਾਬਾਦ ਘੁੰਮਣ ਆਈ ਜਰਮਨ ਔਰਤ ਨਾਲ ਕਾਰ ਡਰਾਈਵਰ ਨੇ ਕੀਤਾ ਜਬਰ ਜ਼ਿਨਾਹ

Tuesday, Apr 01, 2025 - 02:46 PM (IST)

ਹੈਦਰਾਬਾਦ ਘੁੰਮਣ ਆਈ ਜਰਮਨ ਔਰਤ ਨਾਲ ਕਾਰ ਡਰਾਈਵਰ ਨੇ ਕੀਤਾ ਜਬਰ ਜ਼ਿਨਾਹ

ਹੈਦਰਾਬਾਦ- ਤੇਲੰਗਾਨਾ ਦੇ ਹੈਦਰਾਬਾਦ 'ਚ ਇਕ 22 ਸਾਲਾ ਜਰਮਨ ਔਰਤ ਨੇ ਇਕ ਕਾਰ ਡਰਾਈਵਰ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਕਾਰ 'ਚ ਬਿਠਾਉਣ ਤੋਂ ਬਾਅਦ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਡਰਾਈਵਰ ਨੇ ਸੋਮਵਾਰ ਦੇਰ ਸ਼ਾਮ ਕਾਰ ਦੀ ਪਿਛਲੀ ਸੀਟ 'ਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁੱਛ-ਗਿੱਛ ਕੀਤੀ ਗਈ ਹੈ।

ਪੁਲਸ ਅਨੁਸਾਰ, ਜਰਮਨ ਔਰਤ ਆਪਣੇ ਇਕ ਹੋਰ ਸਾਥੀ ਨਾਲ 4 ਮਾਰਚ ਨੂੰ ਆਪਣੇ ਇਕ ਦੋਸਤ ਨੂੰ ਮਿਲਣ ਲਈ ਹੈਦਰਾਬਾਦ ਆਈ ਸੀ। ਸੋਮਵਾਰ ਨੂੰ ਉਹ ਅਤੇ ਉਸ ਦਾ ਜਰਮਨ ਦੋਸਤ ਸ਼ਹਿਰ 'ਚ ਘੁੰਮ ਰਹੇ ਸੀ, ਉਦੋਂ ਇਕ ਕਾਰ ਡਰਾਈਵਰ ਨੇ ਉਸ ਨੂੰ ਆਪਣੀ ਕਾਰ 'ਚ ਬੈਠਣ ਦਾ ਪ੍ਰਸਤਾਵ ਦਿੱਤਾ। ਵਾਹਨ 'ਚ ਕੁਝ ਹੋਰ ਯਾਤਰੀ ਵੀ ਸਨ ਜੋ ਬਾਅਦ 'ਚ ਹੇਠਾਂ ਉਤਰ ਗਏ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਬਾਹਰੀ ਇਲਾਕੇ 'ਚ ਮਾਮੀਡੀਪੱਲੀ ਪਹੁੰਚਣ ਤੋਂ ਪਹਿਲੇ ਉਸ ਦਾ ਜਰਮਨ ਦੋਸਤ ਵੀ ਉਤਰ ਗਿਆ। ਇਸ ਤੋਂ ਬਾਅਦ ਪੀੜਤਾ ਸ਼ਾਮ ਕਰੀਬ 7.30 ਵਜੇ ਕੁਝ ਤਸਵੀਰਾਂ ਲੈਣ ਲਈ ਡਰਾਈਵਰ ਨਾਲ  ਕਾਰ 'ਚ ਇਕੱਲੇ ਮਾਮੀਡੀਪੱਲੀ ਗਈ। ਬਾਅਦ 'ਚ ਉਸ ਨੇ ਆਪਣੇ ਜਰਮਨ ਦੋਸਤ ਨੂੰ ਦੱਸਿਆ ਕਿ ਕਾਰ ਡਰਾਈਵਰ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪਹਾੜੀਸ਼ਰੀਫ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News