ਹੈਦਰਾਬਾਦ ''ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ''ਤੇ ਕਬਜ਼ੇ ਦੇ ਮਾਮਲੇ ''ਚ ਪਰਮਜੀਤ ਸਿੰਘ ਸਰਨਾ ਨੇ ਪ੍ਰਗਟਾਈ ਚਿੰਤਾ
Monday, Mar 16, 2026 - 04:42 PM (IST)
ਨਵੀਂ ਦਿੱਲੀ- ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹੈਦਰਾਬਾਦ 'ਚ ਗੁਰਦੁਆਰਾ ਸਾਹਿਬ ਬਾਰੰਬਾਲਾ ਨਾਲ ਜੁੜੀ ਜ਼ਮੀਨ ਦੇ ਚਾਰੇ ਪਾਸੇ ਲੱਗੀ ਸੁਰੱਖਿਆ ਵਾੜ ਨੂੰ ਹਾਲ ਹੀ 'ਚ ਸੁੱਟੇ ਜਾਣ 'ਤੇ ਡੂੰਘੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਤੇਲੰਗਾਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਦਾਲਤ ਦੇ ਆਦੇਸ਼ਾਂ ਅਤੇ ਇਸ ਇਲਾਕੇ 'ਚ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੌਜੂਦਗੀ ਦਾ ਸਨਮਾਨ ਕਰਨ। ਇਕ ਬਿਆਨ 'ਚ ਸਰਨਾ ਨੇ ਕਿਹਾ ਕਿ ਇਹ ਵਿਵਾਦ ਅੱਤਾਪੁਰ 'ਚ 'ਸਿੱਖ ਛਾਉਣੀ' ਦੀ ਜ਼ਮੀਨ ਨਾਲ ਜੁੜਿਆ ਹੈ। ਸਿੱਖ ਭਾਈਚਾਰੇ ਦਾ ਇਸ ਜਗ੍ਹਾ ਨਾਲ ਜੁੜਾਵ 1832 ਤੋਂ ਹੈ, ਜਦੋਂ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਮਦਦ ਮੰਗੀ ਸੀ, ਜਿਸ ਤੋਂ ਬਾਅਦ ਸਿੱਖ ਟੁਕੜੀਆਂ ਨੂੰ ਹੈਦਰਾਬਾਦ 'ਚ ਤਾਇਨਾਤ ਕੀਤਾ ਗਿਆ ਸੀ। ਬਾਅਦ 'ਚ ਇਹ ਬਸਤੀ ਉਨ੍ਹਾਂ ਸਿੱਖ ਸੈਨਿਕਾਂ ਦੇ ਵੰਸ਼ਜਾਂ ਦਾ ਘਰ ਬਣ ਗਈ।
ਸਥਾਨਕ ਗੁਰਦੁਆਰਾ ਕਮੇਟੀ ਵਲੋਂ ਦਿੱਤੇ ਗਏ ਬਿਆਨਾਂ ਅਨੁਸਾਰ, ਇਸ ਇਲਾਕੇ 'ਚ ਅਜੇ ਲਗਭਗ 1,200 ਸਿੱਖ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਨੇ ਕਈ ਪੀੜ੍ਹੀਆਂ ਤੋਂ ਇੱਥੇ ਆਪਣੇ ਘਰ, ਗੁਰਦੁਆਰੇ, ਸਿੱਖਿਆ ਸੰਸਥਾਵਾਂ ਅਤੇ ਇਕ ਖੇਡ ਦਾ ਮੈਦਾਨ ਬਣਾਇਆ ਹੈ। ਸਰਨਾ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਪਹਿਲੇ ਵੀ ਸਰਵੇ ਕੀਤੇ ਸਨ ਅਤੇ ਇਹ ਮੰਨਿਆ ਸੀ ਕਿ ਸਿੱਖ ਭਾਈਚਾਰਾ ਲਗਭਗ 2 ਸਦੀਆਂ ਤੋਂ ਇਸ ਜ਼ਮੀਨ 'ਤੇ ਰਹਿ ਰਿਹਾ ਹੈ। ਅਧਿਕਾਰੀਆਂ ਵਲੋਂ ਸੌਂਪੀ ਗਈ ਰਿਪੋਰਟ 'ਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਰਿਹਾਇਸ਼ੀ ਪਲਾਟਾਂ ਨੂੰ ਬਹੁਤ ਘੱਟ ਕੀਮਤ 'ਤੇ ਨਿਯਮਿਤ ਕਰ ਦਿੱਤਾ ਜਾਵੇ ਅਤੇ ਧਾਰਮਿਕ ਤੇ ਸਿੱਖਿਆ ਕੰਮਾਂ ਲਈ ਇਸਤੇਮਾਲ ਹੋ ਰਹੀ ਜ਼ਮੀਨ ਸੰਬੰਧਤ ਸੰਸਥਾਵਾਂ ਨੂੰ ਮੁਫ਼ਤ 'ਚ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਤੇਲੰਗਾਨਾ ਹਾਈ ਕੋਰਟ ਨੇ ਅਧਿਕਾਰੀਆਂ ਨੇ ਜ਼ਮੀਨ ਨੂੰ ਨਿਯਮਿਤ ਕਰਨ 'ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ ਸੀ ਅਤੇ ਇਹ ਆਦੇਸ਼ ਵੀ ਦਿੱਤਾ ਸੀ ਕਿ ਸਿੱਖ ਭਾਈਚਾਰੇ ਦੇ ਸ਼ਾਂਤੀਪੂਰਨ ਕਬਜ਼ੇ 'ਚ ਕੋਈ ਦਖ਼ਲ ਨਾ ਦਿੱਤਾ ਜਾਵੇ। ਇਸ ਦੇ ਬਾਵਜੂਦ ਸਥਾਨਕ ਅਦਿਕਾਰੀਆਂ ਅਤੇ ਪੁਲਸ ਨੇ 15 ਮਾਰਚ ਨੂੰ 'ਨਿਸ਼ਾਨ ਸਾਹਿਬ' ਕੋਲ ਲਗਭਗ 6,044 ਵਰਗ ਗਜ ਜ਼ਮੀਨ ਦੇ ਇਕ ਹਿੱਸੇ ਦੇ ਚਾਰੇ ਪਾਸੇ ਲੱਗੀ ਅਸਥਾਈ ਵਾੜ ਨੂੰ ਸੁੱਟਿਆ ਗਿਆ। ਗੁਰਦੁਆਰਾ ਕਮੇਟੀ ਵਲੋਂ ਦਿੱਤੇ ਗਏ ਬਿਆਨ ਅਨੁਸਾਰ, ਇਹ ਵਾੜ ਇਸ ਲਈ ਲਗਾਈ ਗਈ ਸੀ ਕਿ ਤਾਂ ਕਿ ਅਸਮਾਜਿਕ ਤੱਤ ਇਸ ਜਗ੍ਹਾ ਦਾ ਗਲਤ ਇਸਤੇਮਾਲ ਨਾ ਕਰ ਸਕਣ ਅਤੇ ਇਸ ਧਾਰਮਿਕ ਸਥਾਨ ਦੀ ਪਵਿੱਤਰਤਾ ਬਣੀ ਰਹੇ। ਕਮੇਟੀ ਨੇ ਕਿਹਾ ਕਿ ਇਹ ਢਾਂਚਾ ਅਸਥਾਈ ਸੀ ਅਤੇ ਇਸ ਦਾ ਮਕਸਦ ਸਿਰਫ਼ 'ਨਿਸ਼ਾਨ ਸਾਹਿਬ' ਕੋਲ ਕੂੜਾ ਸੁੱਟਣ, ਗੈਰ-ਕਾਨੂੰਨੀ ਪਾਰਕਿੰਗ ਅਤੇ ਦੂਜੀਆਂ ਗਲਤ ਗਤੀਵਿਧੀਆਂ ਨੂੰ ਰੋਕਣਾ ਸੀ।
ਸਰਨਾ ਨੇ ਕਿਹਾ ਕਿ ਇਸ ਭੰਨ-ਤੋੜ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਕਰੇ ਕਿ ਅਧਿਕਾਰੀ ਇਸ ਜ਼ਮੀਨ 'ਤੇ ਭਾਈਚਾਰੇ ਦੇ ਕਬਜ਼ੇ 'ਚ ਕੋਈ ਦਖ਼ਲ ਨਾ ਦੇਵੇ, ਨਾਲ ਹੀ, ਉਹ ਵਾੜ ਨੂੰ ਮੁੜ ਲਗਵਾਉਣ ਅਤੇ ਇਸ ਜਾਇਦਾਦ ਨੂੰ ਨਿਯਮਿਤ ਕਰਨ ਦੀ ਲੰਬੇ ਸਮੇਂ ਤੋਂ ਅਟਕੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ।'' ਸਰਨਾ ਨੇ ਕਿਹਾ,''ਸਿੱਖ ਭਾਈਚਾਰਾ ਇਸ ਖੇਤਰ 'ਚ ਪੀੜ੍ਹੀਆਂ ਤੋਂ ਸ਼ਾਂਤੀਪੂਰਵਕ ਰਹਿੰਦਾ ਆਇਆ ਹੈ ਅਤੇ ਉਸ ਨੇ ਹੈਦਰਾਬਾਦ ਦੇ ਸਮਾਜਿਕ ਅਤੇ ਸਿੱਖਿਅਕ ਜੀਵਨ 'ਚ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਇਤਿਹਾਸਕ ਮੌਜੂਦਗੀ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
