ਪਤੀ ਦਾ ਸੀ ਅਫੇਅਰ, ਪਤਨੀ ਨੇ ਔਰਤ ''ਤੇ ਸੁੱਟਿਆ ਤੇਜ਼ਾਬ
Thursday, Dec 05, 2019 - 11:25 AM (IST)

ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਗਜੁਵਾਕਾ ਇਲਾਕੇ 'ਚ ਇਕ ਮਹਿਲਾ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋ ਗਈ। ਪੁਲਸ ਨੇ ਦੱਸਿਆ ਕਿ ਪੀੜਤ ਔਰਤ 'ਤੇ ਹਮਲਾ ਕਰਨ ਵਾਲੀ ਵੀ ਇਕ ਔਰਤ ਹੀ ਸੀ, ਜੋ ਘਟਨਾ ਦੇ ਬਾਅਦ ਤੋਂ ਫਰਾਰ ਹੈ। ਪੁਲਸ ਨੇ ਦੱਸਿਆ ਕਿ ਪੀੜਤ ਔਰਤ ਵਿਆਹੁਤਾ ਹੈ ਅਤੇ ਹਾਦਸੇ 'ਚ 30 ਤੋਂ 40 ਫੀਸਦੀ ਤੱਕ ਸੜ ਗਈ ਹੈ। ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਔਰਤ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੀੜਤਾ ਦੀ ਹਾਲਤ ਖਤਰੇ ਤੋਂ ਬਾਹਰ
ਸਥਾਨਕ ਲੋਕਾਂ ਨੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਭਾਸਕਰ ਨੇ ਦੱਸਿਆ ਕਿ ਘਟਨਾ ਸਮਤਾ ਨਗਰ ਦੀ ਹੈ, ਜਦੋਂ ਪੀੜਤ ਔਰਤ ਇਕ ਫੰਕਸ਼ਨ 'ਚ ਸ਼ਾਮਲ ਹੋਣ ਜਾ ਰਹੀ ਸੀ।
ਪਤੀ ਦਾ ਸੀ ਅਫੇਅਰ
ਸੂਤਰਾਂ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਸਵੇਰੇ ਹੀ ਹੈਦਰਾਬਾਦ ਤੋਂ ਵਾਪਸ ਆਈ ਸੀ, ਜਿਸ ਤੋਂ ਬਾਅਦ ਹਮਲਾਵਰ ਨਾਲ ਉਸ ਦਾ ਝਗੜਾ ਹੋ ਗਿਆ। ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦਾ ਕਾਰਨ ਐਕਸਟਰਾ ਮੈਰਿਟਲ ਅਫੇਅਰ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਨੇ ਆਪਣੇ ਪਤੀ ਨਾਲ ਨਾਜਾਇਜ਼ ਸੰਬੰਧ ਰੱਖਣ 'ਤੇ ਪੀੜਤ ਔਰਤ ਨੂੰ 2 ਵਾਰ ਚਿਤਾਵਨੀ ਦਿੱਤੀ ਸੀ।