ਭੁੱਖ ਨਾਲ ਤੜਫ ਰਹੇ ਬੱਚੇ ਨੂੰ ਮਾਂ ਨੇ ਗਲਾ ਘੁੱਟ ਕੇ ਮਾਰ ਦਿੱਤਾ

Saturday, Jul 13, 2019 - 12:13 PM (IST)

ਭੁੱਖ ਨਾਲ ਤੜਫ ਰਹੇ ਬੱਚੇ ਨੂੰ ਮਾਂ ਨੇ ਗਲਾ ਘੁੱਟ ਕੇ ਮਾਰ ਦਿੱਤਾ

ਕੰਨੌਜ— ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲੇ ਦੇ ਛਿਬਰਾਮਊ ਕਸਬੇ 'ਚ ਔਰਤ ਨੂੰ ਜਦੋਂ ਭੁੱਖ ਨਾਲ ਤੜਫਦੇ ਆਪਣੇ ਬੱਚੇ ਦੀਆਂ ਚੀਕਾਂ ਬਰਦਾਸ਼ਤ ਨਹੀਂ ਹੋਈਆਂ ਤਾਂ ਉਸ ਨੇ ਗਲਾ ਘੁੱਟ ਕੇ ਬੱਚੇ ਦਾ ਕਤਲ ਕਰ ਦਿੱਤਾ। ਮਾਮਲਾ ਸਾਹਮਣੇ ਆਇਆ ਤਾਂ ਪੁਲਸ ਮੌਕੇ 'ਤੇ ਪੁੱਜੀ। ਸੂਤਰਾਂ ਅਨੁਸਾਰ ਪੋਸਟਮਾਰਟਮ 'ਚ ਬੱਚੇ ਦੀ ਹੱਤਿਆ ਦੀ ਪੁਸ਼ਟੀ ਹੋਈ ਹੈ। ਛਿਬਰਾਮਊ ਥਾਣੇ ਦੇ ਇੰਸਪੈਕਟਰ ਬਲਰਾਮ ਮਿਸ਼ਰਾ ਅਨੁਸਾਰ, ਪੋਸਟਮਾਰਟਮ ਰਿਪੋਰਟ ਆਉਂਦੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਅਨੁਸਾਰ ਛਿਬਰਾਮਊ ਦੇ ਬਿਰਤੀਆ ਮੁਹੱਲੇ ਦੀ ਰੁਖਸਾਰ ਦੇ ਤਿੰਨ ਬੱਚੇ ਹਨ। ਮੁੰਬਈ 'ਚ ਨੌਕਰੀ ਕਰਨ ਵਾਲੇ ਪਤੀ ਸ਼ਾਹਿਦ ਨਾਲ ਉਸ ਦਾ ਝਗੜਾ ਹੋ ਗਿਆ ਸੀ। ਇਸ ਕਾਰਨ 4-5 ਮਹੀਨਿਆਂ ਤੋਂ ਉਹ ਘਰ ਰੁਪਏ ਵੀ ਨਹੀਂ ਭੇਜ ਰਿਹਾ ਸੀ। ਮੁਸ਼ਕਲ ਹਾਲਾਤ 'ਚ ਰੁਖਸਾਰ ਕਿਸੇ ਤਰ੍ਹਾਂ ਆਪਣੇ ਬੱਚਿਆਂ ਦਾ ਪੇਟ ਭਰ ਰਹੀ ਸੀ। ਕੁਝ ਮਹੀਨੇ ਪਹਿਲਾਂ ਉਸ ਦੇ 8 ਮਹੀਨੇ ਦੇ ਬੇਟੇ ਅਹਿਦ ਨੂੰ ਖੂਨ 'ਚ ਇਨਫੈਕਸ਼ਨ ਹੋ ਗਿਆ ਸੀ। ਗਹਿਣੇ ਅਤੇ ਘਰ ਦਾ ਸਾਮਾਨ ਵੇਚ ਕੇ 90 ਹਜ਼ਾਰ ਰੁਪਏ ਨਾਲ ਅਹਿਦ ਦਾ ਆਗਰਾ 'ਚ ਇਲਾਜ ਕਰਵਾਇਆ ਗਿਆ। 3-4 ਦਿਨ ਤੋਂ ਉਸ ਕੋਲ ਇਕ ਰੁਪਿਆ ਵੀ ਨਹੀਂ ਸੀ।

ਵੀਰਵਾਰ ਸ਼ਾਮ ਬੁਖਾਰ ਨਾਲ ਤਪਦੇ ਬੇਟੇ ਨੂੰ ਲੈ ਕੇ ਰੁਖਸਾਰ ਡਾਕਟਰ ਕੋਲ ਪਹੁੰਚੀ ਪਰ ਉਧਾਰ ਦਿੱਤੇ ਬਿਨਾਂ ਉਹ ਦਵਾਈ ਦੇਣ ਨੂੰ ਤਿਆਰ ਨਹੀਂ ਹੋਏ। ਇਸ ਦੌਰਾਨ ਬੱਚਾ ਭੁੱਖ ਨਾਲ ਵੀ ਤੜਫ ਰਿਹਾ ਸੀ। ਸਵੇਰੇ ਕਰੀਬ 6 ਵਜੇ ਰੁਖਸਾਰ ਨੇ ਬੱਚੇ ਨੂੰ ਪਾਣੀ 'ਚ ਖੰਡ ਘੋਲ ਕੇ ਪਿਲਾਈ। ਉਹ ਸੌਂ ਗਿਆ। 8.30 ਵਜੇ ਤੱਕ ਬੱਚਾ ਨਹੀਂ ਉੱਠਿਆ ਤਾਂ ਕਰੀਬ ਰਹਿਣ ਵਾਲੇ ਪਰਿਵਾਰ ਦੇ ਲੋਕਾਂ ਨੂੰ ਸ਼ੱਕ ਹੋਇਆ। ਬੱਚਿਆਂ ਨੇ ਦੱਸਿਆ ਕਿ ਮਾਂ ਨੇ ਭਰਾ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਹੈ। ਪੁਲਸ ਪੁੱਛ-ਗਿੱਛ 'ਚ ਰੁਖਸਾਰ ਨੇ ਦੱਸਿਆ ਕਿ ਉਹ 3 ਦਿਨ ਤੋਂ ਬੱਚੇ ਲਈ ਦੁੱਧ ਦਾ ਇੰਤਜ਼ਾਮ ਵੀ ਨਹੀਂ ਕਰ ਪਾ ਰਹੀ ਸੀ, ਇਸ ਲਈ ਗਲਾ ਘੁੱਟ ਕੇ ਮਾਰ ਦਿੱਤਾ।


author

DIsha

Content Editor

Related News