ਹੰਗਰ ਇੰਡੈਕਸ ’ਚ ਭਾਰਤ ਨੂੰ 121ਵਾਂ ਨੰਬਰ ਮਿਲਣ ਕਾਰਨ ਸਰਕਾਰ ਨਾਖੁਸ਼

10/16/2021 10:03:30 AM

ਨਵੀਂ ਦਿੱਲੀ- ਗਲੋਬਲ ਹੰਗਰ ਇੰਡੈਕਸ (ਜੀ. ਐੱਚ. ਆਈ.) ’ਚ ਭਾਰਤ ਨੂੰ 121ਵਾਂ ਨੰਬਰ ਮਿਲਣ ’ਤੇ ਨਾਖੁਸ਼ ਸਰਕਾਰ ਨੇ ਇਸ ਨੂੰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਦੱਸਿਆ ਹੈ। ਮਹਿਲਾ ਅਤੇ ਬਾਲ ਕਲਿਆਣ ਮੰਤਰਾਲਾ ਨੇ ਸ਼ੁੱਕਰਵਾਰ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗਲੋਬਲ ਹੰਗਰ ਰਿਪੋਰਟ 2021 ’ਚ ਭਾਰਤ ਨੂੰ ਐੱਫ. ਓ. ਏ. ਅਨੁਮਾਨ ਅਤੇ ਘੱਟ ਪਾਲਣ-ਪੋਸ਼ਣ ਦੇ ਆਧਾਰ ’ਤੇ ਇੰਨਾ ਘੱਟ ਰੈਂਕ ਦਿੱਤਾ ਗਿਆ ਹੈ। ਰੈਂਕ ਦੇਣ ਵਾਲੀ ਸਬੰਧਤ ਸੰਸਥਾ ਦੀ ਪ੍ਰਣਾਲੀ ’ਚ ਗੰਭੀਰ ਖਾਮੀਆਂ ਹਨ। ਮੰਤਰਾਲਾ ਨੇ ਕਿਹਾ ਕਿ ਜੀ. ਐੱਚ. ਆਈ. ਨੂੰ ਪ੍ਰਕਾਸ਼ਿਤ ਕਰਨ ਵਿਚ ਅਦਾਰੇ ਨੇ ਜ਼ਰੂਰੀ ਕੰਮ ਨਹੀਂ ਕੀਤਾ।

ਮੰਤਰਾਲਾ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਵਲੋਂ ਵਰਤੀ ਜਾਣ ਵਾਲੀ ਪ੍ਰਣਾਲੀ ਨੂੰ ਗੈਰ-ਵਿਗਿਆਨਕ ਕਰਾਰ ਦਿੱਤਾ। ਨਾਲ ਹੀ ਕਿਹਾ ਕਿ ਸੰਸਥਾ ਨੇ ਆਪਣਾ ਮੁਲਾਂਕਣ ਚਾਰ ਸਵਾਲਾਂ ਵਾਲੀ ਰਾਏਸ਼ੁਮਾਰੀ ਦੇ ਸਰਵੇਖਣ ਦੇ ਨਤੀਜੀਆਂ ’ਤੇ ਹੀ ਕਰ ਦਿੱਤਾ, ਜਿਸ ਨੂੰ ਟੈਲੀਫੋਨ ’ਤੇ ਆਯੋਜਿਤ ਕੀਤਾ ਗਿਆ ਸੀ। ਮੰਤਰਾਲਾ ਨੇ ਕਿਹਾ ਕਿ ਪ੍ਰਤੀ ਵਿਅਕਤੀ ਭੋਜਨ ਦੀ ਉਪਲੱਬਧਤਾ ਨੂੰ ਪਰਖਣ ਲਈ ਕੋਈ ਵਿਗਿਆਨਕ ਪ੍ਰਣਾਲੀ ਨਹੀਂ ਅਪਣਾਈ ਗਈ। ਘੱਟ ਪਾਲਣ-ਪੋਸ਼ਣ ਦੇ ਵਿਗਿਆਨਕ ਨਾਪ ਲਈ ਭਾਰ ਅਤੇ ਉਚਾਈ ਨੂੰ ਮਾਪਣਾ ਜ਼ਰੂਰੀ ਹੁੰਦਾ ਹੈ ਪਰ ਇਥੇ ਵਰਤੀ ਗਈ ਪ੍ਰਣਾਲੀ ਸਿਰਫ ਟੈਲੀਫੋਨਿਕ ਅਨੁਮਾਨ ’ਤੇ ਆਧਾਰਿਤ ਹੈ।

ਭਾਰਤ ਸਰਕਾਰ ਦੇ ਯਤਨਾਂ ਨੂੰ ਨਕਾਰਿਆ ਗਿਆ

ਮੰਤਰਾਲਾ ਮੁਤਾਬਕ ਇਸ ਪੋਲ ਵਿਚ ਭਾਰਤ ਸਰਕਾਰ ਦੇ ਯਤਨਾਂ ਨੂੰ ਨਕਾਰਿਆ ਗਿਆ ਹੈ ਜੋ ਉਸ ਨੇ ਕੋਵਿਡ-19 ਦੌਰਾਨ ਕੀਤੇ ਸਨ। ਇਨ੍ਹਾਂ ਨਾਲ ਜੁੜਿਆ ਇਕ ਵੀ ਸਵਾਲ ਇਸ ਪੋਲ ’ਚ ਨਹੀਂ ਸੀ। ਇਸ ਸਾਲ ਭਾਰਤ ਨੂੰ ਇਸ ਸੂਚੀ ’ਚ 121ਵਾਂ ਨੰਬਰ ਮਿਲਿਆ ਹੈ। ਪਿਛਲੇ ਸਾਲ ਭਾਰਤ 94ਵੇਂ ਨੰਬਰ ’ਤੇ ਸੀ। ਇਸ ਸੂਚੀ ’ਚ ਭਾਰਤ ਆਪਣੇ ਗੁਆਂਢੀਆਂ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਪਿੱਛੇ ਹੈ। ਭਾਰਤ ਵਿਚ ਭੁੱਖ ਦੀ ਹਾਲਤ ਨੂੰ ਚਿੰਤਾਜਨਕ ਦੱਸਿਆ ਗਿਆ ਹੈ।

ਗਲੋਬਲ ਹੰਗਰ ਇੰਡੈਕਸ ’ਚ ਭਾਰਤ ਦੇ ਪੱਛੜਣ ’ਤੇ ਸਿੱਬਲ ਨੇ ਕੀਤੀ ਟਿੱਪਣੀ, ਕਿਹਾ-ਵਧਾਈ ਹੋਵੇ ਮੋਦੀ ਜੀ

ਸਾਲ 2021 ਲਈ ਗਲੋਬਲ ਹੰਗਰ ਇੰਡੈਕਸ ’ਚ ਭਾਰਤ ਦੇ ਪੱਛੜਣ ’ਤੇ ਕਾਂਗਰਸ ਦੇ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ, ਵਧਾਈ ਹੋਵੇ। ਭਾਰਤ ਪਹਿਲਾਂ ਤੋਂ ਹੋਰ ਪੱਛੜਦਾ ਹੋਇਆ 121ਵੇਂ ਨੰਬਰ ’ਤੇ ਆ ਗਿਆ ਹੈ। ਕਪਿਲ ਸਿੱਬਲ ਨੇ ਇਸ ਨੂੰ ਲੈ ਕੇ ਇਕ ਟਵੀਟ ’ਚ ਲਿਖਿਆ ਹੈ ਕਿ ਗਰੀਬੀ ਅਤੇ ਭੁੱਖ ਨੂੰ ਮਿਟਾਉਣ ਲਈ ਭਾਰਤ ਨੂੰ ਇਕ ਵਿਸ਼ਵ ਸ਼ਕਤੀ ਬਣਾਉਣ ਲਈ ਸਾਡੀ ਡਿਜੀਟਲ ਅਰਥਵਿਵਸਥਾ ਲਈ ਮੋਦੀ ਜੀ ਦਾ ਧੰਨਵਾਦ। ਅਸੀਂ ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਤੋਂ ਵੀ ਪਿੱਛੇ ਹਾਂ।


Tanu

Content Editor

Related News