ਸ਼ਰਮਨਾਕ : ਭੁੱਖੇ ਢਿੱਡ ਕਈ ਘੰਟੇ ਸੜਕ 'ਤੇ ਖੜ੍ਹੇ ਰਹੇ ਕੋਰੋਨਾ ਮਰੀਜ਼, ਕਿਸੇ ਨੇ ਨਾ ਲਈ ਸਾਰ

Tuesday, Apr 21, 2020 - 02:00 PM (IST)

ਸ਼ਰਮਨਾਕ : ਭੁੱਖੇ ਢਿੱਡ ਕਈ ਘੰਟੇ ਸੜਕ 'ਤੇ ਖੜ੍ਹੇ ਰਹੇ ਕੋਰੋਨਾ ਮਰੀਜ਼, ਕਿਸੇ ਨੇ ਨਾ ਲਈ ਸਾਰ

ਨੈਸ਼ਨਲ ਡੈਸਕ— ਗੁਜਰਾਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਕਰੀਬ 25 ਮਰੀਜ਼ਾਂ ਨੂੰ ਅਹਿਮਦਾਬਾਦ ਦੇ ਸਰਕਾਰੀ ਹਸਪਤਾਲ ਵਲੋਂ ਭਰਤੀ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕਈ ਘੰਟੇ ਸੜਕਾਂ 'ਤੇ ਗੁਜਾਰਨੇ ਪਏ। ਬਾਅਦ ਵਿਚ ਇਹ ਮਾਮਲਾ ਸੁਲਝਾਉਣ ਲਈ ਸੂਬਾ ਸਰਕਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ। ਪਰੇਸ਼ਾਨ ਹਾਲ ਮਰੀਜ਼ਾਂ ਨੂੰ 6 ਘੰਟੇ ਬਾਅਦ ਹਸਪਤਾਲ 'ਚ ਭਰਤੀ ਕੀਤਾ ਗਿਆ।

ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਮਰੀਜ਼ ਨੇ ਪੂਰੀ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਹ ਵੀਡੀਓ ਐਤਵਾਰ ਰਾਤ ਕਰੀਬ ਪੌਣੇ 9 ਵਜੇ ਬਣਾਇਆ ਗਿਆ, ਜਿਸ ਵਿਚ ਕੁਝ ਪੁਰਸ਼ ਅਤੇ ਔਰਤਾਂ ਸਰਕਾਰੀ ਹਸਪਤਾਲ ਦੇ ਬਾਹਰ ਖੜ੍ਹੇ ਹਨ, ਜੋ ਕਿ ਕੋਰੋਨਾ ਮਰੀਜ਼ ਹਨ। ਇਹ ਸਾਰੇ ਹਸਪਤਾਲ 'ਚ ਭਰਤੀ ਹੋਣ ਦੀ ਉਡੀਕ ਕਰਦੇ ਰਹੇ। ਇਕ ਔਰਤ ਨੇ ਵੀਡੀਓ 'ਚ ਕਿਹਾ ਕਿ ਅਸੀਂ ਕੁੱਲ 25 ਮਰੀਜ਼ ਹਾਂ, ਕੱਲ ਆਈ ਕੋਰੋਨਾ ਵਾਇਰਸ ਰਿਪੋਰਟ 'ਚ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਦੁਪਹਿਰ ਬਾਅਦ 3 ਵਜੇ ਤੋਂ ਸਰਕਾਰੀ ਹਸਪਤਾਲ ਦੇ ਬਾਹਰ ਉਡੀਕ ਕਰ ਰਹੇ ਹਾਂ। ਸ਼ਾਮ ਦੇ 8.45 ਵਜ ਚੁੱਕੇ ਹਨ। ਸਾਡੇ ਕੋਲ ਖਾਣਾ ਵੀ ਨਹੀਂ ਹੈ। ਭੁੱਖੇ ਢਿੱਡ ਹੀ ਸਾਨੂੰ ਬਾਹਰ ਉਡੀਕ ਕਰਵਾਈ ਜਾ ਰਹੀ ਹੈ ਅਤੇ ਕੋਈ ਸਾਨੂੰ ਕੁਝ ਦੱਸ ਵੀ ਨਹੀਂ ਰਿਹਾ ਹੈ। ਕ੍ਰਿਪਾ ਕਰ ਕੇ ਸਾਡੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ :  ਕੋਰੋਨਾ : ਆਫਤ ਦੀ ਘੜੀ 'ਚ ਰਾਹਤ ਦੀ ਖ਼ਬਰ, ਵੱਡੀ ਗਿਣਤੀ 'ਚ ਮਰੀਜ਼ ਹੋਏ ਠੀਕ

ਓਧਰ ਸੂਬੇ ਦੇ ਪ੍ਰਧਾਨ ਸਕੱਤਰ ਜਯੰਤੀ ਰਵੀ ਨੇ ਸੋਮਵਾਰ ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਸਿਹਤ ਕਮਿਸ਼ਨਰ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ ਅਤੇ ਮਰੀਜ਼ਾਂ ਨੂੰ ਭਰਤੀ ਕਰਵਾਇਆ ਗਿਆ। ਉਨ੍ਹਾਂ ਨੇ ਗਾਂਧੀਨਗਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਰਤੀ ਲਈ ਮਰੀਜ਼ਾਂ ਨੂੰ ਕੇਸ ਸਬੰਧੀ ਕਾਗਜ਼ ਲਿਆਉਣੇ ਹੁੰਦੇ ਹਨ ਪਰ ਉਨ੍ਹਾਂ ਕਾਗਜ਼ 'ਚ ਕੁਝ ਖਾਮੀਆਂ ਸਨ, ਜਿਸ ਨਾਲ ਡਾਟਾ ਐਂਟਰੀ ਵਿਚ ਮੁਸ਼ਕਲਾਂ ਆ ਰਹੀਆਂ ਸਨ। ਸਾਡੇ ਅਧਿਕਾਰੀਆਂ ਨੇ ਸਮੱਸਿਆ ਨੂੰ ਹੱਲ ਕੀਤਾ ਅਤੇ ਮਰੀਜ਼ਾਂ ਨੂੰ ਭਰਤੀ ਕੀਤਾ। ਅਸੀਂ ਇਹ ਯਕੀਨੀ ਕਰਾਂਗੇ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਹੋਣ।

 


author

Tanu

Content Editor

Related News