ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਕੀਤਾ ਕੇਜਰੀਵਾਲ ਸਰਕਾਰ ਦੇ ਹਸਪਤਾਲ ਦਾ ਦੌਰਾ

Thursday, Jun 11, 2020 - 08:42 PM (IST)

ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਕੀਤਾ ਕੇਜਰੀਵਾਲ ਸਰਕਾਰ ਦੇ ਹਸਪਤਾਲ ਦਾ ਦੌਰਾ

ਨਵੀਂ ਦਿੱਲੀ -  ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਅੱਜ ਕੇਜਰੀਵਾਲ ਸਰਕਾਰ ਦੇ ਅਧੀਨ ਚੱਲ ਰਹੇ ਐੱਲ.ਐੱਨ.ਜੇ.ਪੀ. ਹਸਪਤਾਲ ਦਾ ਦੌਰਾ ਕੀਤਾ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਦੋਂ ਕੋਰੋਨਾ ਸੰਕਟ 'ਚ ਹਸਪਤਾਲਾਂ 'ਚ ਇਲਾਜ ਨੂੰ ਲੈ ਕੇ ਸਿਆਸਤ ਵੀ ਚੋਟੀ 'ਤੇ ਪਹੁੰਚੀ ਹੋਈ ਹੈ। ਕੱਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਦਿੱਲੀ ਦੇ ਹਾਲਾਤ ਤੋਂ ਜਾਣੂ ਕਰਵਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਤੋਂ ਮਦਦ ਦੀ ਅਪੀਲ ਕੀਤੀ ਸੀ।

ਪਰ ਇਸ ਮੁਲਾਕਾਤ ਦੇ ਅਗਲੇ ਦਿਨ ਹੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਦਾ ਐੱਲ.ਐੱਨ.ਜੇ.ਪੀ. ਹਸਪਤਾਲ ਪੁੱਜਣਾ ਹੈਰਾਨ ਕਰ ਰਿਹਾ ਹੈ। ਕਮਿਸ਼ਨ ਦੀ ਮੈਂਬਰ ਜਯੋਤਿਕਾ ਕਾਲੜਾ ਦਾ ਕਹਿਣਾ ਹੈ ਕਿ ਅਸੀਂ ਇੱਥੇ ਹਾਲਾਤ ਦਾ ਜਾਇਜ਼ਾ ਲੈਣ ਆਏ ਹਾਂ। ਇਸ ਦੀ ਵਜ੍ਹਾ ਹੈ ਕਿ ਹਸਪਤਾਲ ਨੂੰ ਲੈ ਕੇ ਦਿੱਲੀ ਕੋਰੋਨਾ ਐੱਪ 'ਚ ਬੈਡ ਦੀ ਗਿਣਤੀ ਅਤੇ ਹਸਪਤਾਲ 'ਚ ਅਸਲ ਗਿਣਤੀ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਨੂੰ ਲੈ ਕੇ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ।

ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਮਿਸ਼ਨ ਦੀ ਟੀਮ ਨੇ ਦੌਰੇ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੂੰ ਇਸ ਸੰਬੰਧ 'ਚ ਕੋਈ ਨੋਟਿਸ ਜਾਰੀ ਕੀਤਾ ਸੀ। ਦੱਸ ਦਈਏ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਮਜ਼ਦੂਰਾਂ ਦੇ ਮੁੱਦੇ 'ਤੇ ਸੂਬਿਆਂ ਨੂੰ ਸਿਰਫ ਨੋਟਿਸ ਹੀ ਜਾਰੀ ਕਰ ਸਕਿਆ ਹੈ। ਇਹ ਨੋਟਿਸ ਵੀ ਉਦੋਂ ਜਾਰੀ ਹੋਏ, ਜਦੋਂ ਸੁਪਰੀਮ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਸ਼ੁਰੂ ਹੋਈ।


author

Inder Prajapati

Content Editor

Related News