HRTC ਵਲੋਂ ਖਰੀਦੇ ਜਾਣਗੇ 300 ਇਲੈਕਟ੍ਰਿਕ ਵਾਹਨ, ਬਦਲੀਆਂ ਜਾਣਗੀਆਂ ਪੁਰਾਣੀਆਂ ਵੋਲਵੋ ਬੱਸਾਂ
Saturday, Jul 20, 2024 - 10:24 AM (IST)
 
            
            ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐੱਚ.ਆਰ.ਟੀ.ਸੀ. ਵਲੋਂ ਲਗਭਗ 300 ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕੀਤੀ ਜਾਵੇਗੀ ਅਤੇ 24 ਪੁਰਾਣੀਆਂ ਵੋਲਵੋ ਬੱਸਾਂ ਨੂੰ ਬਦਲਿਆ ਜਾਵੇਗਾ। ਅਗਨੀਹੋਤਰੀ ਨੇ ਇੱਥੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੇ ਬੋਰਡ ਆਫ਼ ਡਾਇਰੈਕਟਰਜ਼ (ਬੀ.ਓ.ਡੀ.) ਦੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਨਿਗਮ ਦੇ ਮਾਲੀਏ ਨੂੰ ਵਧਾਉਣ ਬਾਰੇ ਵਿਸਤ੍ਰਿਤ ਚਰਚਾ ਕੀਤੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ 357 ਬੱਸ ਕੰਡਕਟਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਉਹ ਜਲਦ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਬੈਠਕ 'ਚ ਦਿਹਾੜੀਦਾਰਾਂ ਦਾ ਮਾਣ ਭੱਤਾ 375 ਰੁਪਏ ਤੋਂ ਵਧਾ ਕੇ 400 ਰੁਪਏ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਗਨੀਹੋਤਰੀ ਨੇ ਕਿਹਾ ਕਿ ਐੱਚ.ਆਰ.ਟੀ.ਸੀ. 297 ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕਰੇਗੀ, ਜਿਸ ਲਈ ਜਲਦ ਹੀ ਟੈਂਡਰ ਜਾਰੀ ਕੀਤੇ ਜਾਣਗੇ ਅਤੇ 24 ਵੋਲਵੋ ਬੱਸਾਂ ਨੂੰ ਨਵੀਆਂ ਨਾਲ ਬਦਲਿਆ ਜਾਵੇਗਾ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀਆਂ ਲਈ ਆਰਾਮਦਾਇਕ ਸਫ਼ਰ ਨੂੰ ਯਕੀਨੀ ਬਣਾਉਣ ਲਈ ਕੁੱਲ 100 ਟੈਂਪੂ ਟਰੈਵਲਰ ਨੂੰ ਵੀ ਖਰੀਦੇ ਜਾਣਗੇ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਾਰਗਾਂ 'ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਜ਼ਦੀਕੀ ਭਵਿੱਖ 'ਚ 250 ਡੀਜ਼ਲ ਬੱਸਾਂ ਵੀ ਖਰੀਦੀਆਂ ਜਾਣਗੀਆਂ। ਅਗਨੀਹੋਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਐੱਚ.ਆਰ.ਟੀ.ਸੀ. ਜੋ ਜਲਦ ਹੀ 50 ਸਾਲ ਪੂਰੇ ਕਰਨ ਜਾ ਰਹੀ ਹੈ, ਸੂਬੇ 'ਚ 70 ਲੱਖ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਵਿਚ ਬੋਰਡ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦਾ ਢੁਕਵੀਂ ਗਰਾਂਟ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਗਮ ਆਪਣੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਪੈਨਸ਼ਨਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                            