ਭਾਰਤ 'ਚ ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਹੋਟਲਾਂ ਨੇ ਖੋਲ੍ਹੇ ਆਪਣੇ 'ਦਰਵਾਜ਼ੇ'

04/04/2020 5:18:08 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਲੈ ਕੇ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਕੋਰੋਨਾ ਵਿਰੁੱਧ ਜੰਗ 'ਚ ਮਦਦ ਕਰਨ ਲਈ ਵੱਡੇ-ਵੱਡੇ ਹੋਟਲਾਂ ਨੇ ਵੀ ਆਪਣੇ ਦਰਵਾਜ਼ੇ ਖੋਲ੍ਹੇ ਦਿੱਦੇ ਹਨ। ਇੰਡੀਆ ਹੋਟਲਜ਼ ਕੰਪਨੀ, ਦਿ ਲਲਿਤ, ਲੈਮਨ ਟਰੀ, ਰੇਡੀਸਨ ਹੋਟਲਜ਼, ਇੰਟਰਕੋਟੀਨੈਂਟਲ ਹੋਟਲਜ਼ ਗਰੁੱਪ ਵਰਗੇ ਦੇਸ਼ ਦੇ ਲੱਗਭਗ 45,000 ਹੋਟਲ ਦੇ ਕਮਰਿਆਂ ਨੂੰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕੀਤਾ ਗਿਆ ਹੈ। ਇਸ 'ਚ ਸ਼ੱਕੀ ਮਰੀਜ਼ਾਂ, ਵਾਇਰਸ ਦੀ ਲਪੇਟ 'ਚ ਆਏ ਦੇਸ਼ਾਂ ਤੋਂ ਪਰਤੇ ਯਾਤਰੀਆਂ ਜਾਂ ਕੋਵਿਡ-19 ਨਾਲ ਲੜ ਰਹੇ ਮੈਡੀਕਲ ਸਟਾਫ ਨੂੰ ਰੱਖਿਆ ਜਾਵੇਗਾ। ਇਸ ਉਦੇਸ਼ ਨਾਲ ਲੋਕਾਂ ਨੂੰ ਵੱਧ ਕਮਰੇ ਵੰਡੇ ਜਾ ਸਕਦੇ ਹਨ। ਹੋਟਲਾਂ ਵਲੋਂ ਖਾਣਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਦਰਅਸਲ ਸੈਰ-ਸਪਾਟਾ ਮੰਤਰਾਲਾ ਵਲੋਂ ਕੋਰੋਨਾ ਵਿਰੁੱਧ ਜੰਗ ਲਈ ਸੂਬਾ ਸਰਕਾਰਾਂ ਨਾਲ ਸੰਪਰਕ ਕਰਨ ਲਈ ਸੈਰ-ਸਪਾਟਾ ਉਦਯੋਗ ਸੰਘ ਨੂੰ ਚਿੱਠੀ ਭੇਜੇ ਜਾਣ ਤੋਂ ਬਾਅਦ ਵੱਧ ਕਮਰਿਆਂ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਕੁਝ ਕਮਰਿਆਂ ਨੂੰ ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ, ਜਦਕਿ ਹੋਰਨਾਂ 'ਤੇ ਰਿਆਇਤੀ ਦਰਾਂ ਨਾਲ ਫੀਸ ਲਈ ਜਾ ਰਹੀ ਹੈ। ਯਾਤਰਾ ਪਾਬੰਦੀ ਕਾਰਨ ਭਾਰਤ 'ਚ ਫਸੇ ਸੈਲਾਨੀਆਂ ਨੂੰ ਇਨ੍ਹਾਂ 'ਚੋਂ ਕੁਝ ਕਮਰਿਆਂ 'ਚ ਠਹਿਰਾਇਆ ਗਿਆ ਹੈ। ਓਧਰ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਹੋਟਲ ਉਦਯੋਗ ਸੰਘ ਅਤੇ ਸੂਬਿਆਂ ਨੂੰ ਇਸ 'ਤੇ ਇਕੱਠੇ ਕੰਮ ਕਰਨ ਲਈ ਲਿਖਿਆ ਹੈ। ਅਸੀਂ ਹੋਟਲਾਂ ਨੂੰ ਜਿੱਥੇ ਵੀ ਜ਼ਰੂਰੀ ਹੋਵੇ, ਮਦਦ ਪ੍ਰਦਾਨ ਕਰਨ ਲਈ ਕਿਹਾ ਹੈ। ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਨੇ ਕਿਹਾ ਕਿ ਖੇਤਰੀ, ਸੂਬਾਈ ਅਤੇ ਸ਼ਹਿਰੀ ਪੱਧਰ 'ਤੇ ਹੋਟਲਾਂ ਵਲੋਂ ਸਮਰਥਨ ਮਿਲ ਰਿਹਾ ਹੈ। 

ਦੱਸਣਯੋਗ ਹੈ ਕਿ ਦਸੰਬਰ 2019 'ਚ ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲਿਆ ਇਹ ਖਤਰਨਾਕ ਵਾਇਰਸ ਦੁਨੀਆ ਦੇ ਤਮਾਮ ਦੇਸ਼ਾਂ 'ਚ ਆਪਣੀ ਦਸਤਕ ਦੇ ਚੁੱਕਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਇਸ ਵਾਇਰਸ ਦੀ ਮਾਰ ਭਾਰਤ ਵੀ ਝੱਲ ਰਿਹਾ ਹੈ। ਇਸ ਵਾਇਰਸ ਦਾ ਇਕੋ-ਇਕ ਇਲਾਜ ਹੈ- ਲਾਕ ਡਾਊਨ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ 'ਚ ਬੰਦ ਰਹਿਣ। ਇਸ ਸਭ ਦੇ ਦਰਮਿਆਨ ਜੇਕਰ ਕੋਈ ਕੋਰੋਨਾ ਤੋਂ ਪੀੜਤ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਵੱਖਰਾ ਹੀ ਰਹੇ। ਇਸ ਲਈ ਸਰਕਾਰ ਨੇ ਆਈਸੋਲੇਸ਼ਨ ਵਾਰਡ ਬਣਾਏ ਹਨ। ਹੋਸਟਲ, ਸਕੂਲਾਂ ਅਤੇ ਰੇਲਵੇ ਕੋਚਾਂ ਨੂੰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕਰ ਕੇ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕੋਰੋਨਾ ਨੂੰ ਹਰਾਉਣ ਅੱਜ ਸਮੇਂ ਦੀ ਲੋੜ ਹੈ ਅਤੇ ਇਹ ਜੰਗ ਸਾਨੂੰ ਹਰ ਹਾਲ 'ਚ ਜਿੱਤਣੀ ਹੋਵੇਗੀ।


Tanu

Content Editor

Related News