ਕੂੜਾ ਗੱਡੀ ''ਚ ਹਸਪਤਾਲ ਲੈ ਕੇ ਗਏ ਲਾਸ਼, ਕਮਲਨਾਥ ਨੇ ਦਿੱਤੇ ਕਾਰਵਾਈ ਦੇ ਨਿਰਦੇਸ਼

Wednesday, Jul 24, 2019 - 05:11 PM (IST)

ਕੂੜਾ ਗੱਡੀ ''ਚ ਹਸਪਤਾਲ ਲੈ ਕੇ ਗਏ ਲਾਸ਼, ਕਮਲਨਾਥ ਨੇ ਦਿੱਤੇ ਕਾਰਵਾਈ ਦੇ ਨਿਰਦੇਸ਼

ਅਸ਼ੋਕਨਗਰ— ਮੱਧ ਪ੍ਰਦੇਸ਼ ਦੇ ਅਸ਼ੋਕਨਗਰ 'ਚ ਪਰਿਵਾਰ ਵਾਲਿਆਂ ਵਲੋਂ ਮੰਗਲਵਾਰ ਨੂੰ ਇਕ ਔਰਤ ਦੀ ਲਾਸ਼ ਪੋਸਟਮਾਰਟਮ ਲਈ ਨਗਰ ਪਾਲਿਕਾ ਦੀ ਕੂੜਾ ਗੱਡੀ 'ਚ ਲਿਜਾਉਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਕਮਲਨਾਥ ਨੇ ਮਾਮਲੇ 'ਚ ਲਾਪਰਵਾਹੀ ਵਰਤਣ ਵਾਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕਮਲਨਾਥ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਅਸ਼ੋਕਨਗਰ 'ਚ ਇਕ ਔਰਤ ਦੀ ਲਾਸ਼ ਨੂੰ ਐਂਬੂਲੈਂਸ ਦੀ ਜਗ੍ਹਾ ਕੂੜਾ ਗੱਡੀ 'ਚ ਲਿਜਾਉਣ ਦੀ ਘਟਨਾ ਇਨਸਾਨੀਅਤ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਅਜਿਹੀਆਂ ਘਟਨਾਵਾਂ ਅਤੇ ਫੋਟੋਆਂ ਦਿਲ ਨੂੰ ਝੰਜੋੜ ਦਿੰਦੀਆਂ ਹਨ, ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਲਾਪਰਵਾਹੀ ਵਰਤਣ ਵਾਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਦੇ ਨਿਰਦੇਸ਼।'' ਮ੍ਰਿਤਕ ਔਰਤ ਦੇ ਪਤੀ ਨਰੇਂਦਰ ਓਝਾ ਨੇ ਦੱਸਿਆ ਕਿ 22 ਸਾਲਾ ਪੂਜਾ ਨੇ ਸੋਮਵਾਰ ਰਾਤ ਘਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪੂਜਾ ਦੀ ਲਾਸ਼ ਨੂੰ ਹਸਪਤਾਲ ਲਿਜਾਉਣ ਲਈ ਫੋਨ ਲਗਾਇਆ ਤਾਂ ਹਸਪਤਾਲ ਦੀ ਐਂਬੂਲੈਂਸ ਖਰਾਬ ਹੋਣ ਕਾਰਨ ਨਗਰਪਾਲਿਕਾ ਦੀ ਕੂੜਾ ਭਰਨ ਵਾਲੀ ਟਰੈਕਟਰ ਟਰਾਲੀ ਪਹੁੰਚੀ, ਜਿਸ 'ਚ ਰੱਖ ਕੇ ਲਾਸ਼ ਨੂੰ ਹਸਪਤਾਲ ਲਿਜਾ ਰਹੇ ਸੀ ਪਰ ਓਵਰ ਬਰਿੱਜ 'ਤੇ ਟਰਾਲੀ ਦਾ ਬੇਰਿੰਗ ਟੁੱਟਣ ਨਾਲ ਪਹੀਆ ਨਿਕਲ ਗਿਆ। ਇਸ ਤੋਂ ਬਾਅਦ ਨਗਰ ਪਾਲਿਕਾ ਦਾ ਦੂਜਾ ਵਾਹਨ ਡੰਪਰ (ਕੂੜਾ ਗੱਡੀ) ਆਇਆ, ਜਿਸ 'ਚ ਲਾਸ਼ ਨੂੰ ਰੱਖ ਕੇ ਹਸਪਤਾਲ ਪਹੁੰਚਾਇਆ ਗਿਆ।

ਡੰਪਰ ਲਾਸ਼ਾਂ ਚੁੱਕਣ ਲਈ ਹੀ ਕੰਮ ਲਏ ਜਾ ਰਹੇ ਹਨ
ਐਡੀਸ਼ਨਲ ਜ਼ਿਲਾ ਅਧਿਕਾਰੀ ਡਾ. ਅਨੁਜ ਰੋਹਤਗੀ ਨੇ ਕਿਹਾ ਕਿ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਜ਼ਿੰਮੇਵਾਰ ਹੋਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਐਡੀਸ਼ਨਲ ਪੁਲਸ ਸੁਪਰਡੈਂਟ ਸੁਨੀਲ ਸ਼ਿਵਹਰੇ ਨੇ ਕਿਹਾ ਕਿ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਪੁਲਸ ਨੇ ਦਰਜ ਕੀਤਾ ਹੈ। ਹਾਲਾਂਕਿ ਸ਼ਿਵਹਰੇ ਨੇ ਦਾਅਵਾ ਕੀਤਾ ਕਿ ਟਰੈਕਟਰ ਟਰਾਲੀ ਅਤੇ ਡੰਪਰ ਲਾਸ਼ਾਂ ਨੂੰ ਚੁੱਕਣ ਲਈ ਹੀ ਕੰਮ 'ਚ ਲਏ ਜਾ ਰਹੇ ਹਨ, ਇਸ 'ਚ ਹੁਣ ਕੂੜਾ ਨਹੀਂ ਚੁੱਕਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਗਰਪਾਲਿਕਾ ਕੂੜਾ ਚੁੱਕਣ ਲਈ ਮਿੰਨੀ ਟਰੱਕਾਂ ਦੀ ਵਰਤੋਂ ਕਰਦੀ ਹੈ। ਉੱਥੇ ਹੀ ਦੂਜੇ ਪਾਸੇ ਜ਼ਿਲੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾ. ਜੇ. ਆਰ ਤ੍ਰਿਵੇਦੀ ਨੇ ਕਿਹਾ,''ਇਹ  ਪੁਲਸ ਦੀ ਜ਼ਿੰਮੇਵਾਰੀ ਹੈ ਕਿ ਉਹ ਪੋਸਟਮਾਰਟਮ ਲਈ ਲਾਸ਼ ਨੂੰ ਹਸਪਤਾਲ ਲੈ ਕੇ ਆਏ। ਇਸ ਲਈ ਜੇਕਰ ਅਸਲ 'ਚ ਲਾਸ਼ ਨੂੰ ਕੂੜਾ ਵਾਹਨ 'ਚ ਲਿਜਾਇਆ ਗਿਆ ਹੈ ਤਾਂ ਉੱਥੇ ਹੀ ਇਸ ਲਈ ਜ਼ਿੰਮੇਵਾਰ ਹੈ।'' ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੀ ਐਂਬੂਲੈਂਸ ਖਰਾਬ ਹੈ ਅਤੇ ਮੰਗਲਵਾਰ ਨੂੰ ਉਸ ਨੂੰ ਠੀਕ ਕਰਵਾਇਆ ਜਾ ਰਿਹਾ ਸੀ, ਇਸ ਲਈ ਉਹ ਉਪਲੱਬਧ ਨਹੀਂ ਹੋ ਸਕੀ ਸੀ।


author

DIsha

Content Editor

Related News