ਘਰ ''ਚ ਬੱਚੇ ਸਣੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀਆਂ ਮਿਲੀਆਂ ਲਾਸ਼ਾਂ
Tuesday, Mar 04, 2025 - 04:20 PM (IST)

ਕੋਲਕਾਤਾ- ਕੋਲਕਾਤਾ ਦੇ ਕਸਬਾ ਇਲਾਕੇ 'ਚ ਮੰਗਲਵਾਰ ਨੂੰ ਇਕ ਪਰਿਵਾਰ ਦੇ ਤਿੰਨ ਮੈਂਬਰ ਜਿਨ੍ਹਾਂ 'ਚ ਇੱਕ ਬੱਚਾ ਵੀ ਸ਼ਾਮਲ ਹੈ, ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਮਨਾਥ ਰਾਏ (40), ਉਨ੍ਹਾਂ ਦੀ ਪਤਨੀ ਸੁਮਿਤਰਾ (35) ਅਤੇ ਉਨ੍ਹਾਂ ਦੇ ਢਾਈ ਸਾਲ ਦੇ ਪੁੱਤਰ ਰੁਦਰਨੀਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਰਾਏ ਵੱਲੋਂ ਕਥਿਤ ਤੌਰ 'ਤੇ ਲਿਖਿਆ ਇਕ ਨੋਟ ਘਰੋਂ ਬਰਾਮਦ ਹੋਇਆ ਹੈ ਪਰ ਇਸ ਦੀ ਸਮੱਗਰੀ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਰਾਏ ਅਤੇ ਉਸ ਦੀ ਪਤਨੀ ਲਟਕਦੇ ਮਿਲੇ, ਜਦੋਂ ਕਿ ਨਾਬਾਲਗ ਦੀ ਲਾਸ਼ ਉਸ ਦੇ ਪਿਤਾ ਨਾਲ ਬੰਨ੍ਹੀ ਹੋਈ ਮਿਲੀ। ਪੁਲਸ ਨੇ ਦੱਸਿਆ ਕਿ ਸੋਮਨਾਥ ਇਕ ਆਟੋ-ਰਿਕਸ਼ਾ ਚਾਲਕ ਸੀ ਅਤੇ ਉਸਦਾ ਪਰਿਵਾਰ ਹਲਤੂ ਪੂਰਬਾ ਪੱਲੀ ਇਲਾਕੇ 'ਚ ਇਕ ਘਰ 'ਚ ਰਹਿੰਦਾ ਸੀ।
ਸਥਾਨਕ ਲੋਕਾਂ ਵੱਲੋਂ ਸੂਚਿਤ ਕੀਤੇ ਜਾਣ 'ਤੇ ਟਾਊਨ ਪੁਲਸ ਸਟੇਸ਼ਨ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਅਧਿਕਾਰੀ ਨੇ ਕਿਹਾ,"ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ, ਸੰਭਵ ਤੌਰ 'ਤੇ ਵਿੱਤੀ ਤੰਗੀਆਂ ਕਾਰਨ ਕੀਤੀ ਗਈ ਹੈ। ਹਾਲਾਂਕਿ, ਅਸੀਂ ਹੋਰ ਸੰਭਾਵਨਾਵਾਂ ਨੂੰ ਵੀ ਰੱਦ ਨਹੀਂ ਕਰ ਰਹੇ ਹਾਂ। ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨਾਲ ਗੱਲ ਕਰ ਰਹੇ ਹਾਂ। ਜਾਂਚ ਜਾਰੀ ਹੈ।" ਪਰਿਵਾਰ ਦੇ ਇਕ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਰਾਏ ਦਾ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਜਾਇਦਾਦ ਵਿਵਾਦ ਦਾ ਮੌਤਾਂ ਨਾਲ ਕੋਈ ਸਬੰਧ ਸੀ। ਇਹ ਘਟਨਾ 19 ਫਰਵਰੀ ਨੂੰ ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਘਰ 'ਚ ਮ੍ਰਿਤਕ ਪਾਏ ਜਾਣ ਤੋਂ ਕੁਝ ਹਫ਼ਤਿਆਂ ਬਾਅਦ ਵਾਪਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8