MP ’ਚ NRI ਸਿੱਖ ਪਰਿਵਾਰ ’ਤੇ ਪੱਥਰਾਅ, 2 ਬੱਚੇ ਜ਼ਖਮੀ
Saturday, Aug 16, 2025 - 10:51 PM (IST)

ਭਿੰਡ (ਭਾਸ਼ਾ)- ਮੱਧ ਪ੍ਰਦੇਸ਼ ਦੇ ਭਿੰਡ ’ਚ ਬਰਤਾਨੀਆ ਆਧਾਰਤ ਐੱਨ. ਆਰ. ਆਈ. ਸਿੱਖ ਪਰਿਵਾਰ ’ਤੇ ਪੱਥਰਾਅ ਕੀਤਾ ਗਿਆ ਜਿਸ ਕਾਰਨ 2 ਬੱਚੇ ਜ਼ਖਮੀ ਹੋ ਗਏ।
ਪੁਲਸ ਅਨੁਸਾਰ ਇਹ ਘਟਨਾ ਗੋਹੜ ਤਹਿਸੀਲ ਦੇ ਫਤਿਹਪੁਰ ਪਿੰਡ ਨੇੜੇ ਸਟੇਸ਼ਨ ਰੋਡ ’ਤੇ ਵਾਪਰੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੁਲਸ ਸਟੇਸ਼ਨ ਨੇੜੇ ਵਿਰੋਧ ਵਿਖਾਵਾ ਕੀਤਾ ਤੇ ਹਮਲੇ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਸਥਾਨਕ ਸਿੱਖ ਆਗੂ ਕਰਨ ਸਿੰਘ ਨੇ ਕਿਹਾ ਕਿ ਪੁਲਸ ਸੁਪਰਡੈਂਟ ਅਸਿਤ ਯਾਦਵ ਨੇ ਨਿਰਪੱਖ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਵਿਖਾਵਾਕਾਰੀ ਸ਼ਾਂਤ ਹੋ ਗਏ। ਵਿਖਾਵਾਕਾਰੀ ਕਾਂਸਟੇਬਲ ਕੁਲਦੀਪ ਕੁਸ਼ਵਾਹਾ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਤੇ ਸਟੇਸ਼ਨ ਇੰਚਾਰਜ ਦੇ ਤਬਾਦਲੇ ਦੀ ਮੰਗ ਕਰ ਰਹੇ ਸਨ।
ਯਾਦਵ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਐੱਨ. ਆਰ. ਆਈ. ਸਿੱਖ ਪਰਿਵਾਰ ਦੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਇਕ ਢਾਬੇ ਨੇੜੇ ਰੋਕਿਆ ਸੀ ਤੇ ਡੰਡਿਆਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ।