ਮੇਰਠ ਵਿਚ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ
Tuesday, Aug 05, 2025 - 05:15 AM (IST)

ਮੇਰਠ - ਮੇਰਠ ਜ਼ਿਲੇ ਦੇ ਸਿਵਾਲਖਾਸ ਕਸਬੇ ਵਿਚ ਐਤਵਾਰ ਨੂੰ ਲਾਪਤਾ ਹੋਏ 3 ਬੱਚਿਆਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਇਕ ਖਾਲੀ ਪਲਾਟ ’ਚੋਂ ਮਿਲੀਆਂ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਲੋਕਾਂ ਨੇ ਪੁਲਸ ਸਟੇਸ਼ਨ ’ਤੇ ਹੰਗਾਮਾ ਕੀਤਾ।
ਪੁਲਸ ਅਨੁਸਾਰ ਸਿਵਾਲਖਾਸ ਨਿਵਾਸੀ ਮਾਨਵੀ (8) ਬੇਟੀ ਜਤਿੰਦਰ, ਸ਼ਿਬੂ (8) ਪੁੱਤਰ ਮੋਨੂੰ ਅਤੇ ਰਿਤਿਕ (8) ਪੁੱਤਰ ਹਿੰਮਤ ਐਤਵਾਰ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਖੇਡਦੇ ਹੋਏ ਲਾਪਤਾ ਹੋ ਗਏ। ਕੁਝ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਤੰਤਰ-ਮੰਤਰ ਨਾਲ ਜੋੜਦਿਆਂ ਸਾਜ਼ਿਸ਼ ਦਾ ਦੋਸ਼ ਲਾਇਆ ਹੈ।
ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਸਾਰਾ ਦਿਨ ਬੱਚਿਆਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਲੱਗਭਗ 5:30 ਵਜੇ ਇਕ ਖਾਲੀ ਪਲਾਟ ’ਚੋਂ ਮਿਲੀਆਂ। ਪੁਲਸ ਸਰਕਲ ਅਫਸਰ (ਸਰਧਨਾ) ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੁਲਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰ ਮਜ਼ਦੂਰੀ ਕਰਦੇ ਹਨ। ਮ੍ਰਿਤਕਾਂ ’ਚੋਂ ਦੋ ਬੱਚੇ ਸਥਾਨਕ ਸਕੂਲਾਂ ਵਿਚ ਪੜ੍ਹਦੇ ਸਨ, ਜਦਕਿ ਇਕ ਸਕੂਲ ਨਹੀਂ ਜਾਂਦਾ ਸੀ। ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।