ਘਿਚਪਿਚ : 90 ਦੇ ਦਹਾਕੇ ਦੀਆਂ ਭਾਵਨਾਤਮਕ ਡੂੰਘਾਈਆਂ ’ਚ ਡੁੱਬੀ ਇਕ ਪੀੜ੍ਹੀ ਦੀ ਕਹਾਣੀ

Tuesday, Aug 12, 2025 - 10:43 AM (IST)

ਘਿਚਪਿਚ : 90 ਦੇ ਦਹਾਕੇ ਦੀਆਂ ਭਾਵਨਾਤਮਕ ਡੂੰਘਾਈਆਂ ’ਚ ਡੁੱਬੀ ਇਕ ਪੀੜ੍ਹੀ ਦੀ ਕਹਾਣੀ

'ਘਿਚਪਿਚ’ ਇਕ ਸੰਵੇਦਨਸ਼ੀਲ ਅਤੇ ਭਾਵੁਕ ਹਿੰਦੀ ਫਿਲਮ ਹੈ, ਜੋ ਪਿਓ-ਪੁੱਤ ਦੇ ਗੁੰਝਲਦਾਰ ਰਿਸ਼ਤੇ, ਪਰੰਪਰਾ ਤੇ ਬਗ਼ਾਵਤ ਦੇ ਟਕਰਾਅ ਨੂੰ ਬੇਹੱਦ ਦਿਲਚਸਪ ਅੰਦਾਜ਼ ਵਿਚ ਦਰਸਾਉਂਦੀ ਹੈ। ਅੰਕੁਰ ਸਿੰਗਲਾ ਦੁਆਰਾ ਲਿਖੀ ਤੇ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ 90 ਦੇ ਦਹਾਕੇ ਦੇ ਚੰਡੀਗੜ੍ਹ ’ਤੇ ਆਧਾਰਤ ਹੈ, ਜਿੱਥੇ ਤਿੰਨ ਦੋਸਤਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਆਪੋ-ਆਪਣੇ ਪਿਤਾ ਨਾਲ ਸਬੰਧਾਂ ਦੀਆਂ ਗੁੰਝਲਾਂ ਸਾਹਮਣੇ ਆਉਂਦੀਆਂ ਹਨ। ਨਿਤੇਸ਼ ਪਾਂਡੇ, ਸਤਿਆਜੀਤ ਸ਼ਰਮਾ, ਗੀਤਾ ਅਗਰਵਾਲ ਸ਼ਰਮਾ, ਸ਼ਿਵਮ ਕੱਕੜ, ਆਰੀਅਨ ਸਿੰਘ ਰਾਣਾ ਤੇ ਕਬੀਰ ਨੰਦਾ ਵਰਗੇ ਅਦਾਕਾਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। 8 ਅਗਸਤ ਨੂੰ ਰਿਲੀਜ਼ ਹੋਈ ‘ਘਿਚਪਿਚ’ ਇਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ, ਜੋ ਹਰ ਪੀੜ੍ਹੀ ਨੂੰ ਆਪਣੇ ਤਰੀਕੇ ਨਾਲ ਜੋੜਦੀ ਹੈ। ਫਿਲਮ ਬਾਰੇ ਸਟਾਰਕਾਸਟ ਸ਼ਿਵਮ ਕੱਕੜ ਤੇ ਆਰੀਅਨ ਸਿੰਘ ਰਾਣਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਤਿੰਨ ਮਹੀਨੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਫਿਲਮ ਮਿਲੀ : ਸ਼ਿਵਮ ਕੱਕੜ
ਪ੍ਰ. ਤੁਹਾਡੀ ਫਿਲਮ ‘ਘਿਚਪਿਚ’ ਦੀ ਦੁਨੀਆ ਕਿੰਨੀ ਅਲੱਗ ਹੈ ਅਤੇ ਦਰਸ਼ਕ ਇਸ ਤੋਂ ਕੀ ਉਮੀਦ ਰੱਖਣ?
‘ਘਿਚਪਿਚ’ ਇਕ ਅਜਿਹੀ ਫਿਲਮ ਹੈ, ਜੋ 2002 ਦੇ ਦਹਾਕੇ ਦੀ ਪਿੱਠਭੂਮੀ ’ਤੇ ਆਧਾਰਤ ਹੈ, ਭਾਵ ਉਹ ਸਮਾਂ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਅਤੇ ਜ਼ਿੰਦਗੀ ਕਿਤੇ ਜ਼ਿਆਦਾ ਸਿੱਧੀ-ਸਾਧੀ ਪਰ ਭਾਵਨਾਤਮਕ ਰੂਪ ਨਾਲ ਡੂੰਘਾਈ ਨਾਲ ਭਰੀ ਹੁੰਦੀ ਸੀ। ਫਿਲਮ ਵਿਚ ਉਸ ਸਮੇਂ ਦਾ ਮਾਹੌਲ ਬੇਹੱਦ ਖ਼ੂਬਸੂਰਤੀ ਨਾਲ ਰੀਕ੍ਰਿਏਟ ਕੀਤਾ ਗਿਆ ਹੈ, ਚਾਹੇ ਉਹ ਲੈਂਡਲਾਈਨ ਫੋਨ ’ਤੇ ਗੱਲਬਾਤ ਹੋਵੇ, ਦਰਵਾਜ਼ੇ ਤੋਂ ਦੋਸਤਾਂ ਨੂੰ ਆਵਾਜ਼ ਦੇ ਕੇ ਬੁਲਾਉਣਾ ਹੋਵੇ ਜਾਂ ਜਨਮ ਦਿਨ ਦੀ ਪਾਰਟੀ ਵਿਚ ਦੋ ਲੀਟਰ ਦੀ ਬੋਤਲ ਨਾਲ ਸਭ ਨੂੰ ਗਲਾਸ ’ਚ ਪੈਪਸੀ ਦੇਣਾ। ਚੰਡੀਗੜ੍ਹ ’ਤੇ ਆਧਾਰਤ ਇਸ ਫਿਲਮ ਵਿਚ ਉਸ ਸ਼ਹਿਰ ਦੇ ਅਜਿਹੇ ਹਿੱਸਿਆਂ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਹੁਣ ਤੱਕ ਬਾਲੀਵੁੱਡ ਨੇ ਛੂਹਿਆ ਨਹੀਂ ਹੈ। ਕਹਾਣੀ ਤਿੰਨ 17 ਸਾਲ ਦੇ ਮੁੰਡਿਆਂ ਦੀ ਹੈ, ਜੋ 12ਵੀਂ ਵਿਚ ਪੜ੍ਹ ਰਹੇ ਹਨ ਅਤੇ ਆਪੋ-ਆਪਣੇ ਪਿਤਾ ਨਾਲ ਭਾਵਨਾਤਮਕ ਸੰਘਰਸ਼ ’ਚੋਂ ਗੁਜ਼ਰ ਰਹੇ ਹਨ। ਇਕ ’ਤੇ ਕਰੀਅਰ ਬਣਾਉਣ ਦਾ ਦਬਾਅ ਹੈ , ਦੂਜਾ ਪਿਤਾ ਨਾਲ ਬਹੁਤ ਪਿਆਰ ਕਰਦਾ ਹੈ ਪਰ ਕੁਝ ਘਟਨਾਵਾਂ ਕਾਰਨ ਗੁੱਸੇ ਵਾਲਾ ਹੋ ਜਾਂਦਾ ਹੈ। ਤੀਜੇ ਦੀ ਪਿਤਾ ਤੋਂ ਅਧੂਰੀ ਮੰਗ ਹੈ, ਜਿਸ ਨਾਲ ਉਹ ਅੰਦਰ ਹੀ ਅੰਦਰ ਟੁੱਟ ਰਿਹਾ ਹੈ। ਤਿੰਨਾਂ ਦੀਆਂ ਜ਼ਿੰਦਗੀਆਂ ਦੀਆਂ ਉਲਝਣਾਂ ਜਦੋਂ ਆਪਸ ਵਿਚ ਟਕਰਾਉਂਦੀਆਂ ਹਨ ਤਾਂ ਜੋ ਭਾਵਨਾਤਮਕ ਹਲਚਲ ਪੈਦਾ ਹੁੰਦੀ ਹੈ, ਉਹੀ ਫਿਲਮ ਦੀ ਅਸਲੀ ਘਿਚਪਿਚ ਹੈ।
ਪ੍ਰ. ਕਾਸਟਿੰਗ ਪ੍ਰੋਸੈੱਸ ਕੀ ਹੁੰਦਾ ਹੈ? ਤੁਹਾਡਾ ਅਨੁਭਵ ਕਿਵੇਂ ਦਾ ਸੀ?
ਮੇਰੀ ਚੋਣ ਸਿੱਧੀ ਪ੍ਰਕਿਰਿਆ ਦਾ ਹਿੱਸਾ ਨਹੀਂ ਸੀ ਸਗੋਂ ਸੱਤ ਰਾਊਂਡ ਦੇ ਇੰਟੈਂਸ ਆਡੀਸ਼ਨ ਅਤੇ ਤਿੰਨ ਮਹੀਨਿਆਂ ਦੀ ਮਿਹਨਤ ਦਾ ਨਤੀਜਾ ਸੀ। ਪਹਿਲਾਂ ਛੋਟਾ ਜਿਹਾ ਸਕ੍ਰਿਪਟ ਪਾਰਟ ਦੇ ਕੇ ਆਡੀਸ਼ਨ ਲਈ ਬੁਲਾਇਆ। ਫਿਰ ਕਈ ਰਾਊਂਡ ਹੋਏ। ਪਹਿਲਾਂ ਇਕੱਲੇ, ਫਿਰ ਸ਼ਿਵਮ ਨਾਲ, ਮੇਰੇ ਭਰਾ ਨਾਲ ਅਤੇ ਫਿਰ ਕਿਸੇ ਹੋਰ ਕਰੈਕਟਰ ਦਾ ਰੋਲ ਪਲੇਅ ਕਰਨ ਨੂੰ ਕਿਹਾ ਗਿਆ। 5ਵੇਂ ਆਡੀਸ਼ਨ ਤੋਂ ਬਾਅਦ ਲੱਗਿਆ ਕਿ ਇਹ ਇੰਡੀਪੈਂਡੈਂਟ ਫਿਲਮ ਹੈ ਜਾਂ ਕੋਈ ਵੱਡੀ ਮੇਨਸਟ੍ਰੀਮ ਫਿਲਮ। 6ਵੇਂ ਰਾਊਂਡ ਵਿਚ ਗੱਡੀ ਵਾਲਾ ਸੀਨ ਪਲੇਅ ਕਰਨਾ ਸੀ, ਜੋ ਸ਼ਾਮ 4 ਵਜੇ ਸ਼ੁਰੂ ਹੋ ਕੇ ਅਗਲੀ ਸਵੇਰ 4 ਵਜੇ ਖ਼ਤਮ ਹੋਇਆ ਅਤੇ ਉਸ ਤੋਂ ਬਾਅਦ ਵੀ ਕਨਫਰਮੇਸ਼ਨ ਨਹੀਂ ਮਿਲੀ। 7ਵੇਂ ਰਾਊਂਡ ਤੋਂ ਬਾਅਦ ਚੋਣ ਹੋਈ ਪਰ ਕਾਸਟਿੰਗ, ਫਾਇਨੈਂਸ ਨੂੰ ਲੈ ਕੇ ਰੁਕਾਵਟਾਂ ਸਨ। ਮੇਰੇ ’ਤੇ ਦਬਾਅ ਵੀ ਆਇਆ ਕਿ ਜੇ ਮੈਂ ਬਿਹਤਰ ਪਰਫਾਰਮ ਨਹੀਂ ਕਰਾਂਗਾ ਤਾਂ ਰੀਪਲੇਸ ਕੀਤਾ ਜਾ ਸਕਦਾ ਹਾਂ ਪਰ ਨਿਰਦੇਸ਼ਕ ਨੇ ਭਰੋਸਾ ਬਣਾਈ ਰੱਖਿਆ।
ਪ੍ਰ. 2001 ਦੇ ਦਹਾਕੇ ਦੇ ਅਜਿਹੇ ਕਿਹੜੇ-ਕਿਹੜੇ ਪਲ ਹਨ, ਜਿਨ੍ਹਾਂ ਨੂੰ ਜੀਅ ਕੇ ਲੱਗਿਆ ਕਿ ਕਾਸ਼ ਇਹ ਚੀਜ਼ਾਂ ਅੱਜ ਵੀ ਹੁੰਦੀਆਂ?
ਉਸ ਦਹਾਕੇ ਨੂੰ ਰੀਕ੍ਰਿਏਟ ਕਰਦਿਆਂ ਐਕਟਰਜ਼ ਲਈ ਜ਼ਬਰਦਸਤ ਨੋਸਟਾਲਿਜ਼ਿਆ ਦਾ ਅਨੁਭਵ ਸੀ। ਮਿਸਡ ਕਾਲ ਦੇਣਾ, ਲੈਂਡਲਾਈਨ ’ਤੇ ਗੱਲ ਕਰਨਾ ਜਾਂ ਦੋਸਤਾਂ ਨਾਲ ਗੇੜੀ ’ਤੇ ਨਿਕਲ ਜਾਣਾ, ਇਹ ਸਭ ਅੱਜ ਦੀ ਤੇਜ਼ ਤੇ ਟੈਕਨੋਲੋਜ਼ੀ-ਡ੍ਰਿਵਨ ਲਾਈਫ ਵਿਚ ਗੁਆਚ ਗਿਆ ਹੈ। ਇਕ ਸੀਨ ਵਿਚ ਪਾਪਾ ਦੀ ਗੱਡੀ ਚੋਰੀ ਕਰ ਕੇ ਟਰਿਪ ’ਤੇ ਜਾਣਾ ਦਿਖਾਇਆ ਗਿਆ ਹੈ, ਜੋ ਅੱਜ ਦੇ ਸਮੇਂ ਵਿਚ ਇੰਨੀ ਆਸਾਨੀ ਨਾਲ ਨਹੀਂ ਹੁੰਦਾ।
ਫੋਕਸ ਸਿਰਫ਼ ਪਰਫਾਰਮ ਕਰਨ ’ਤੇ ਨਹੀਂ, ਸਿੱਖਣ ’ਤੇ ਵੀ ਸੀ : ਆਰੀਅਨ ਸਿੰਘ
ਪ੍ਰ. ਕੀ ਪਹਿਲਾਂ ਤੋਂ ਐਕਟਿੰਗ ਕਰ ਰਹੇ ਸੀ ਜਾਂ ਇਹ ਪਹਿਲਾ ਅਨੁਭਵ ਸੀ?

ਜਦੋਂ ਇਹ ਫਿਲਮ ਮੇਰੇ ਕੋਲ ਆਈ, ਉਦੋਂ ਮੈਂ ਕਾਲਜ ਵਿਚ ਸੀ। ਐੱਸ. ਟੀ. ਡਬਲਯੂ. ਖ਼ਾਲਸਾ ਕਾਲਜ ਵਿਚ ਇਕਨਾਮਿਕਸ ਦੀ ਪੜ੍ਹਾਈ ਕਰ ਰਿਹਾ ਸੀ। ਉੱਥੇ ਮੈਂ ਥੀਏਟਰ ਵੀ ਕਰਦਾ ਸੀ ਤੇ ਅਸੀਂ ਸ਼ਾਰਟ ਫਿਲਮਜ਼ ਵੀ ਬਣਾਇਆ ਕਰਦੇ ਸੀ। ਇਕ ਦਿਨ ਸਾਡੇ ਕਾਲਜ ਵਿਚ ਹੀ ਇਸ ਫਿਲਮ ਦੇ ਆਡੀਸ਼ਨ ਦੀ ਖ਼ਬਰ ਆਈ। ਉਂਝ ਮੈਂ ਉਸੇ ਸਮੇਂ ਮੁੰਬਈ ਜਾਣਾ ਸੀ ਕਿਸੇ ਦੂਜੇ ਕੰਮ ਲਈ ਪਰ ਉਹ ਟਰਿੱਪ ਕਿਸੇ ਕਾਰਨ ਕੈਂਸਲ ਹੋ ਗਈ ਸੀ। ਮੈਂ ਉਸ ਸਮੇਂ ਕਾਫ਼ੀ ਚਿੜ੍ਹਿਆ ਹੋਇਆ ਸੀ ਅਤੇ ਸੋਚਿਆ ਕਿ ਚਲੋ ਆਡੀਸ਼ਨ ਦੇ ਕੇ ਆਉਂਦੇ ਹਾਂ। ਆਡੀਸ਼ਨ ਦੌਰਾਨ ਮੇਰੀ ਮੁਲਾਕਾਤ ਕਰਮਦਿੱਤਿਆ ਬੱਗਾ ਨਾਲ ਹੋਈ, ਜਿਨ੍ਹਾਂ ਨੇ ਫਿਲਮ ਦਾ ਐਡੀਸ਼ਨਲ ਸਕ੍ਰੀਨ ਪਲੇਅ ਲਿਖਿਆ ਅਤੇ ਕਾਸਟਿੰਗ ਵਿਚ ਵੀ ਉਨ੍ਹਾਂ ਨੇ ਕਾਫ਼ੀ ਮਦਦ ਕੀਤੀ। ਉਨ੍ਹਾਂ ਨੇ ਮੇਰਾ ਨਾਂ ਲਿਆ ਅਤੇ ਫਿਰ ਸਿਲੈਕਸ਼ਨ ਪ੍ਰੋਸੈੱਸ ਸ਼ੁਰੂ ਹੋਇਆ ਪਰ ਉਹ ਕੋਈ ਆਸਾਨ ਸਫ਼ਰ ਨਹੀਂ ਸੀ। ਮੇਰੇ ਅੱਠ-ਨੌਂ ਆਡੀਸ਼ਨ ਹੋਏ ਕਿਉਂਕਿ ਮੇਰਾ ਕੋਈ ਪ੍ਰੋਫੈਸ਼ਨਲ ਜਾਂ ਪ੍ਰਾਇਰ ਫਿਲਮ ਐਕਸਪੀਰੀਐਂਸ ਨਹੀਂ ਸੀ। ਇਹ ਆਡੀਸ਼ਨ ਦਿੱਲੀ, ਚੰਡੀਗੜ੍ਹ ਅਤੇ ਮੁੰਬਈ ਤਿੰਨੋਂ ਜਗ੍ਹਾ ਹੋਏ। ਬਹੁਤ ਸਾਰੇ ਐਕਟਰਜ਼ ਇਸ ਕਿਰਦਾਰ ਲਈ ਆਡੀਸ਼ਨ ਦੇ ਰਹੇ ਸੀ ਪਰ ਸ਼ਾਇਦ ਉਨ੍ਹਾਂ ਨੂੰ ਮੇਰੇ ਵਿਚ ਕੁਝ ਅਜਿਹਾ ਦਿਸਿਆ, ਜੋ ਉਨ੍ਹਾਂ ਨੂੰ ਸਹੀ ਲੱਗਿਆ ਅਤੇ ਮੈਨੂੰ ਚੁਣਿਆ ਗਿਆ।
ਪ੍ਰ. ਪਿਓ-ਪੁੱਤ ਦੇ ਰਿਸ਼ਤੇ ਤੇ ਉਨ੍ਹਾਂ ਨਾਲ ਜੁੜੇ ਇਮੋਸ਼ਨਲ ਇਸ਼ੂ ਕੀ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ?
ਬਿਲਕੁਲ, ਫਿਲਮ ‘ਘਿਚਪਿਚ’ ਵਿਚ ਜੋ ਪਿਓ-ਪੁੱਤ ਦੇ ਵਿਚਕਾਰ ਦੀ ਟੈਨਸ਼ਨ, ਸੰਵਾਦਹੀਣਤਾ ਅਤੇ ਇਮੋਸ਼ਨਲ ਦੂਰੀ ਦਿਖਾਈ ਗਈ ਹੈ, ਉਹ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ। ਭਾਵੇਂ ਹੀ ਅੱਜ ਬੱਚਿਆਂ ਕੋਲ ਸਮਾਰਟਫੋਨ ਹਨ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਕਰੀਅਰ ਦੇ ਮੌਕੇ ਕਈ ਗੁਣਾ ਵਧ ਗਏ ਹਨ ਪਰ ਪਿਓ-ਪੁੱਤ ਦਾ ਰਿਸ਼ਤਾ ਆਪਣੀਆਂ ਮੂਲ ਜਟਿਲਤਾਵਾਂ ਨਾਲ ਅੱਜ ਵੀ ਜਿਉਂ ਦਾ ਤਿਉਂ ਹੈ। ਅੱਜ ਬੱਚੇ ਥੋੜ੍ਹੇ ਕਮਜ਼ੋਰ ਦਿਸਦੇ ਹਨ ਅਤੇ ਮਾਪੇ ਵੀ ਜ਼ਿਆਦਾ ਓਵਰ ਪ੍ਰੋਟੈਕਟਿਵ ਹੋ ਗਏ ਹਨ, ਜਿਸ ਨਾਲ ਜੈਨਰੇਸ਼ਨ ਗੈਪ ਹੋਰ ਵੱਡਾ ਹੋ ਗਿਆ ਹੈ।
ਪ੍ਰ. ਦਰਸ਼ਕਾਂ ਤੱਕ ਕੀ ਪਹੁੰਚਾਉਣਾ ਚਾਹੁੰਦੇ ਹੋ?
‘ਘਿਚਪਿਚ’ ਨੂੰ ਕਿਸੇ ਏਜੰਡੇ ਤਹਿਤ ਨਹੀਂ ਬਣਾਇਆ ਗਿਆ ਪਰ ਫਿਲਮ ਪਿੱਛੇ ਇਕ ਮਜ਼ਬੂਤ ਇਰਾਦਾ ਜ਼ਰੂਰ ਹੈ ਦਰਸ਼ਕਾਂ ਨੂੰ ਹਾਸਾ, ਪਿਆਰ, ਮਸਤੀ ਅਤੇ ਭਾਵਨਾਵਾਂ ਨਾਲ ਭਰਪੂਰ ਅਜਿਹੀ ਅਜਿਹੀ ਕਹਾਣੀ ਦਿਖਾਉਣਾ, ਜੋ ਦਿਲ ਨੂੰ ਛੂਹ ਜਾਵੇ ਅਤੇ ਸੋਚਣ ’ਤੇ ਮਜਬੂਰ ਕਰ ਦੇਵੇ।
ਪ੍ਰ. ਇੰਨੇ ਸਾਰੇ ਤਜਰਬੇਕਾਰ ਅਦਾਕਾਰਾਂ ਨਾਲ ਪਹਿਲੀ ਫਿਲਮ ਕਰਨ ਦਾ ਮੌਕਾ ਮਿਲਿਆ। ਇਸ ਅਨੁਭਵ ਤੋਂ ਤੁਸੀਂ ਕੀ ਸਿੱਖਿਆ?
ਮੇਰੇ ਲਈ ਇਹ ਪੂਰੀ ਫਿਲਮ ਇਕ ਫਿਲਮ ਸਕੂਲ ਵਰਗੀ ਸੀ ਕਿਉਂਕਿ ਮੇਰੇ ਨਾਲ ਜਿੰਨੇ ਵੀ ਲੋਕ ਸਨ ਸਗੋਂ ਕਬੀਰ ਵੀ, ਇਹ ਸਭ ਮੇਰੇ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਸਨ ਐਕਟਿੰਗ ਵਿਚ। ਇਸ ਲਈ ਮੇਰਾ ਫੋਕਸ ਸਿਰਫ਼ ਪਰਫਾਰਮ ਕਰਨ ’ਤੇ ਨਹੀਂ ਸਗੋਂ ਸਿੱਖਣ ’ਤੇ ਵੀ ਸੀ। ਮੈਂ ਕੋਸ਼ਿਸ਼ ਕੀਤੀ ਕਿ ਮੈਂ ਹਰ ਇਕ ਇਨਸਾਨ ਤੋਂ ਕੁਝ ਨਾ ਕੁਝ ਸਿੱਖਾਂ।


author

Aarti dhillon

Content Editor

Related News